ਮਾਤਾ ਚਿੰਤਪੁਰਨੀ ਮੇਲੇ ਦੌਰਾਨ ਲੰਗਰਾਂ ਦੀ ਸਫ਼ਾਈ ਅਤੇ ਫੂਡ ਸੇਫਟੀ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ
ਲੰਗਰ ਟਰੱਸਟਾਂ ਨੂੰ ਸਾਫ਼-ਸਫ਼ਾਈ, ਮਿਆਰੀ ਭੋਜਨ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਹੁਸ਼ਿਆਰਪੁਰ, 17 ਅਗਸਤ (ਹਿੰ.ਸ.)| ਮਾਤਾ ਚਿੰਤਪੁਰਨੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਾਫ਼-ਸੁਥਰਾ, ਮਿਆਰੀ ਅਤੇ ਸੁਰੱਖਿਅਤ ਭੋਜਨ ਮੁਹੱ
ਸਿਹਤ ਵਿਭਾਗ ਦੀ ਟੀਮ ਲੰਗਰਾਂ ਦੀ ਚੈਕਿੰਗ ਕਰਦੇ ਹੋਏ।


ਲੰਗਰ ਟਰੱਸਟਾਂ ਨੂੰ ਸਾਫ਼-ਸਫ਼ਾਈ, ਮਿਆਰੀ ਭੋਜਨ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ

ਹੁਸ਼ਿਆਰਪੁਰ, 17 ਅਗਸਤ (ਹਿੰ.ਸ.)| ਮਾਤਾ ਚਿੰਤਪੁਰਨੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਾਫ਼-ਸੁਥਰਾ, ਮਿਆਰੀ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਸਬੰਧੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਤਹਿਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਆਈ.ਏ.ਐਸ., ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਆਈ.ਏ.ਐਸ. ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਚਿੰਤਪੁਰਨੀ ਰੋਡ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਅੰਦਰ ਸੰਗਤਾਂ ਲਈ ਲਗਾਏ ਜਾ ਰਹੇ ਵੱਖ-ਵੱਖ ਲੰਗਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।

ਇਸ ਮੌਕੇ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੰਗਰਾਂ ਵਿੱਚ ਭੋਜਨ ਦੀ ਗੁਣਵੱਤਾ, ਸਫ਼ਾਈ ਪ੍ਰਬੰਧਾਂ, ਪੀਣ ਵਾਲੇ ਪਾਣੀ, ਭੋਜਨ ਤਿਆਰ ਕਰਨ ਅਤੇ ਸਟੋਰ ਕਰਨ ਦੀ ਪ੍ਰਕਿਰਿਆ, ਬਰਤਨਾਂ ਅਤੇ ਲੰਗਰ ਵਾਲੀ ਥਾਂ ਦੇ ਆਲੇ-ਦੁਆਲੇ ਦੀ ਸਫ਼ਾਈ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਟੀਮ ਵੱਲੋਂ ਲੰਗਰ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ।

ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਨੇ ਲੰਗਰ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੰਗਰ ਤਿਆਰ ਕਰਨ ਅਤੇ ਵਰਤਾਉਣ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਭੋਜਨ ਤਿਆਰ ਕਰਨ ਵਾਲੇ ਸੇਵਾਦਾਰਾਂ ਦੇ ਹੱਥ ਸਾਫ਼ ਹੋਣੇ ਚਾਹੀਦੇ ਹਨ ਅਤੇ ਭੋਜਨ ਤਿਆਰ ਕਰਨ ਲਈ ਸਾਫ਼-ਸੁਥਰੇ ਬਰਤਨਾਂ ਦੀ ਹੀ ਵਰਤੋਂ ਕੀਤੀ ਜਾਵੇ। ਲੰਗਰ ਵਿੱਚ ਵਰਤੇ ਜਾਣ ਵਾਲੇ ਸਾਰੇ ਖਾਧ ਪਦਾਰਥ ਤਾਜ਼ੇ ਅਤੇ ਚੰਗੀ ਗੁਣਵੱਤਾ ਵਾਲੇ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਭੋਜਨ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ। ਭੋਜਨ ਨੂੰ ਮੱਖੀਆਂ, ਧੂੜ, ਗੰਦਗੀ ਅਤੇ ਹੋਰ ਕੀੜਿਆਂ ਤੋਂ ਬਚਾ ਕੇ ਰੱਖਿਆ ਜਾਵੇ। ਕੱਚੇ ਅਤੇ ਪੱਕੇ ਭੋਜਨ ਨੂੰ ਵੱਖ-ਵੱਖ ਰੱਖਿਆ ਜਾਵੇ ਅਤੇ ਪੱਕੇ ਹੋਏ ਭੋਜਨ ਨੂੰ ਲੰਬੇ ਸਮੇਂ ਤੱਕ ਖੁੱਲ੍ਹਾ ਨਾ ਛੱਡਿਆ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਫੂਡ ਪੋਇਜ਼ਨਿੰਗ ਦੀ ਸਥਿਤੀ ਪੈਦਾ ਨਾ ਹੋਵੇ।

ਪੀਣ ਵਾਲੇ ਪਾਣੀ ਦੀ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਸੰਗਤਾਂ ਨੂੰ ਕੇਵਲ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਹੀ ਮੁਹੱਈਆ ਕਰਵਾਇਆ ਜਾਵੇ। ਪਾਣੀ ਨੂੰ ਸਾਫ਼ ਅਤੇ ਢੱਕੇ ਹੋਏ ਬਰਤਨਾਂ ਵਿੱਚ ਰੱਖਿਆ ਜਾਵੇ ਅਤੇ ਪਾਣੀ ਸਟੋਰ ਕਰਨ ਵਾਲੇ ਭਾਂਡਿਆਂ ਦੀ ਨਿਯਮਤ ਤੌਰ ’ਤੇ ਸਫ਼ਾਈ ਕੀਤੀ ਜਾਵੇ। ਭੋਜਨ ਬਣਾਉਣ ਅਤੇ ਹੋਰ ਖਾਧ ਪਦਾਰਥਾਂ ਵਿੱਚ ਵੀ ਸਿਰਫ਼ ਸੁਰੱਖਿਅਤ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ।

ਉਨ੍ਹਾਂ ਲੰਗਰ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਲੰਗਰ ਵਾਲੀ ਥਾਂ ’ਤੇ ਕੂੜਾ-ਕਰਕਟ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਢੱਕੇ ਹੋਏ ਡਸਟਬਿਨਾਂ ਦੀ ਵਰਤੋਂ ਕੀਤੀ ਜਾਵੇ। ਲੰਗਰ ਵਾਲੀ ਥਾਂ ਅਤੇ ਇਸ ਦੇ ਆਲੇ-ਦੁਆਲੇ ਦੀ ਨਿਯਮਤ ਸਫ਼ਾਈ ਕਰਵਾਈ ਜਾਵੇ। ਬਰਸਾਤ ਦੇ ਮੌਸਮ ਦੌਰਾਨ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।

ਫੂਡ ਸੇਫਟੀ ਟੀਮ ਵੱਲੋਂ ਲੰਗਰ ਟਰੱਸਟਾਂ ਨੂੰ ਖਾਸ ਤੌਰ ’ਤੇ ਅਪੀਲ ਕੀਤੀ ਗਈ ਕਿ ਸੰਗਤਾਂ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਭੋਜਨ ਦੀ ਤਿਆਰੀ, ਸਟੋਰੇਜ ਅਤੇ ਵਰਤਾਉਣ ਸਮੇਂ ਵਧੇਰੇ ਸਾਵਧਾਨੀ ਵਰਤੀ ਜਾਵੇ। ਲੰਗਰ ਛਕਣ ਵਾਲੀ ਹਰ ਸੰਗਤ ਨੂੰ ਸੁਰੱਖਿਅਤ ਅਤੇ ਸਾਫ਼ ਭੋਜਨ ਮੁਹੱਈਆ ਕਰਵਾਉਣਾ ਲੰਗਰ ਪ੍ਰਬੰਧਕਾਂ ਦੀ ਅਹਿਮ ਜ਼ਿੰਮੇਵਾਰੀ ਹੈ।

ਸਿਹਤ ਵਿਭਾਗ ਵੱਲੋਂ ਸਾਰੇ ਲੰਗਰ ਟਰੱਸਟਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਫੂਡ ਸੇਫਟੀ ਅਤੇ ਸਫ਼ਾਈ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਚੈਕਿੰਗ ਦੌਰਾਨ ਕਿਸੇ ਵੀ ਲੰਗਰ ਵਿੱਚ ਸਫ਼ਾਈ, ਭੋਜਨ ਦੀ ਗੁਣਵੱਤਾ, ਪੀਣ ਵਾਲੇ ਪਾਣੀ ਜਾਂ ਫੂਡ ਸੇਫਟੀ ਸਬੰਧੀ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਵੱਲੋਂ ਮੇਲੇ ਦੌਰਾਨ ਲੰਗਰਾਂ ਦੀ ਨਿਯਮਤ ਚੈਕਿੰਗ ਜਾਰੀ ਰੱਖੀ ਜਾਵੇਗੀ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਫੂਡ ਪੋਇਜ਼ਨਿੰਗ ਜਾਂ ਭੋਜਨ ਅਤੇ ਪਾਣੀ ਤੋਂ ਹੋਣ ਵਾਲੀ ਬਿਮਾਰੀ ਦੀ ਸਥਿਤੀ ਨੂੰ ਰੋਕਣ ਲਈ ਸਫ਼ਾਈ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ।

ਸਿਹਤ ਵਿਭਾਗ ਨੇ ਲੰਗਰ ਟਰੱਸਟਾਂ, ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਫ਼-ਸੁਥਰਾ, ਮਿਆਰੀ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣਾ ਸੰਗਤ ਦੀ ਸਿਹਤ ਨਾਲ ਜੁੜਿਆ ਅਹਿਮ ਫਰਜ਼ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande