
ਪਟਿਆਲਾ, 18 ਅਗਸਤ (ਹਿੰ.ਸ.)| ਪਟਿਆਲਾ ਸ਼ਹਿਰ ਵਿੱਚ ਅਣਅਧਿਕਾਰਿਤ ਤੌਰ ’ਤੇ ਮੱਛੀ ਵੇਚਣ ਵਾਲੇ ਵਿਕ੍ਰੇਤਾਵਾਂ ਨੂੰ 31 ਅਗਸਤ 2026 ਤੱਕ ਨਵੀਂ ਮੱਛੀ ਮੰਡੀ ਵਿਖੇ ਸ਼ਿਫਟ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਅਤੇ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਰਧਾਰਤ ਮੱਛੀ ਮਾਰਕੀਟ ਤੋਂ ਬਾਹਰ ਮੱਛੀ ਵੇਚਣ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਗਰ ਨਿਗਮ, ਮੱਛੀ ਪਾਲਣ ਵਿਭਾਗ, ਜ਼ਿਲ੍ਹਾ ਮੱਛੀ ਅਫ਼ਸਰ, ਮਾਰਕੀਟ ਕਮੇਟੀ ਅਤੇ ਫੂਡ ਸੇਫ਼ਟੀ ਵਿਭਾਗ ਦੀ ਸਾਂਝੀ ਟੀਮ ਬਣਾਕੇ ਸ਼ਹਿਰ ਵਿੱਚ ਨਿਯਮਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਕ੍ਰੇਤਾ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਡਾ. ਅਗਰਵਾਲ ਨੇ ਸਪੱਸ਼ਟ ਕੀਤਾ ਕਿ ਮੱਛੀ ਦੀ ਵਿਕਰੀ ਦੌਰਾਨ ਸਿਹਤ ਅਤੇ ਸਫ਼ਾਈ ਸਬੰਧੀ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਕੱਤਰ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਮੱਛੀ ਅਫ਼ਸਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੱਛੀ ਵੇਚਣ ਵਾਲੇ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ਵਿੱਚ ਫੜ੍ਹੀਆਂ ਅਲਾਟ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਫੜ੍ਹੀਆਂ ਲੈਣ ਦੇ ਚਾਹਵਾਨ ਵਿਅਕਤੀ 21 ਅਗਸਤ 2026 ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਤੋਂ ਬਾਅਦ 24 ਅਗਸਤ ਨੂੰ ਮੱਛੀ ਮਾਰਕੀਟ ਪਟਿਆਲਾ ਵਿਖੇ ਫੜ੍ਹੀਆਂ ਦੀ ਅਲਾਟਮੈਂਟ ਕੀਤੀ ਜਾਵੇਗੀ।
ਡਾ. ਅਗਰਵਾਲ ਨੇ ਕਿਹਾ ਕਿ ਨਿਰਧਾਰਤ ਮੱਛੀ ਮੰਡੀ ਵਿੱਚ ਸਫ਼ਾਈ ਅਤੇ ਸਿਹਤ ਸਬੰਧੀ ਮਾਪਦੰਡਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸ਼ਹਿਰ ਵਿੱਚ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਦੇ ਨਾਲ ਮੱਛੀ ਵਿਕ੍ਰੇਤਾਵਾਂ ਨੂੰ ਵੀ ਸੁਚੱਜੀ ਅਤੇ ਨਿਰਧਾਰਤ ਥਾਂ ਮਿਲੇਗੀ। ਇਸ ਮੌਕੇ ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ, ਮੱਛੀ ਪਾਲਣ ਵਿਭਾਗ, ਫੂਡ ਸੇਫ਼ਟੀ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH