ਲੁਧਿਆਣਾ ਦੇ ਦੇਵ ਹਸਪਤਾਲ ’ਚ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼
ਲੁਧਿਆਣਾ, 18 ਅਗਸਤ (ਹਿੰ.ਸ.)| ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਦੇਵ ਹਸਪਤਾਲ ਵਿੱਚ ਸੋਮਵਾਰ ਦੇਰ ਰਾਤ ਇੱਕ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ ’ਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਪਰਿਵ
ਲੁਧਿਆਣਾ ਦੇ ਦੇਵ ਹਸਪਤਾਲ ’ਚ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਦੋਸ਼


ਲੁਧਿਆਣਾ, 18 ਅਗਸਤ (ਹਿੰ.ਸ.)| ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਦੇਵ ਹਸਪਤਾਲ ਵਿੱਚ ਸੋਮਵਾਰ ਦੇਰ ਰਾਤ ਇੱਕ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ ’ਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ।

ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਪ੍ਰਬੰਧਨ ਨੇ ਬੱਚੀ ਦੀ ਸਿਹਤ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦਾ ਦਾਅਵਾ ਹੈ ਕਿ ਬਿੱਲ ਬਣਾਉਣ ਦੇ ਚੱਕਰ ਵਿੱਚ ਬੱਚੀ ਨੂੰ ਸਮੇਂ ਸਿਰ ਰੈਫਰ ਨਹੀਂ ਕੀਤਾ ਗਿਆ ਅਤੇ ਬਿਨਾਂ ਡਾਕਟਰ ਦੇ ਉਸ ਨੂੰ ਹਸਪਤਾਲ ਵਿੱਚ ਰੱਖਿਆ ਗਿਆ। ਪਰਿਵਾਰ ਮੁਤਾਬਕ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਬੱਚੀ ਦੀ ਮੌਤ ਹੋ ਗਈ।

ਧਰਨੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ।

ਦੇਵ ਹਸਪਤਾਲ ਦੇ ਡਾ. ਪਵਨ ਢੀਂਗਰਾ ਨੇ ਪਰਿਵਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਬੱਚੀ ਨੂੰ ਦੁਪਹਿਰ ਕਰੀਬ 1:30 ਵਜੇ ਘਰ ਦੀ ਛੱਤ ਤੋਂ ਡਿੱਗਣ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਤੁਰੰਤ ਐਮਰਜੈਂਸੀ ਇਲਾਜ ਦਿੱਤਾ ਗਿਆ ਅਤੇ ਦੌਰੇ ਪੈਣ ਤੋਂ ਰੋਕਣ ਲਈ ਟੀਕਾ ਲਗਾਇਆ ਗਿਆ। ਉਨ੍ਹਾਂ ਮੁਤਾਬਕ ਬੱਚੀ ਨੂੰ ਹਸਪਤਾਲ ਵਿੱਚ ਪੱਕੇ ਤੌਰ ’ਤੇ ਦਾਖਲ ਨਹੀਂ ਕੀਤਾ ਗਿਆ ਸੀ।

ਡਾ. ਢੀਂਗਰਾ ਨੇ ਦੱਸਿਆ ਕਿ ਬੱਚੀ ਨੂੰ ਤੁਰੰਤ ਸਕੈਨ ਲਈ ਭੇਜਿਆ ਗਿਆ ਸੀ ਅਤੇ ਉਹ ਸ਼ਾਮ ਕਰੀਬ 5 ਵਜੇ ਸਕੈਨ ਕਰਵਾ ਕੇ ਵਾਪਸ ਆਈ। ਰਿਪੋਰਟ ਆਉਣ ਵਿੱਚ ਦੇਰੀ ਸੀ, ਪਰ ਫੋਨ ’ਤੇ ਮਿਲੀ ਜਾਣਕਾਰੀ ਮੁਤਾਬਕ ਬੱਚੀ ਦੇ ਸਿਰ ਵਿੱਚ ਕਲੌਟ ਬਣ ਗਏ ਸਨ ਅਤੇ ਬ੍ਰੇਨ ਹੈਮਰੇਜ ਹੋਇਆ ਸੀ। ਉਨ੍ਹਾਂ ਕਿਹਾ ਕਿ ਬੱਚੀ ਉਸ ਸਮੇਂ ਤੋਂ ਹੀ ਬੇਹੋਸ਼ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਸ਼ਾਮ 5 ਵਜੇ ਹੀ ਪਰਿਵਾਰ ਨੂੰ ਬੱਚੀ ਨੂੰ ਕਿਸੇ ਵੱਡੇ ਹਸਪਤਾਲ ਲਿਜਾਣ ਲਈ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ। ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਵੀ ਮੌਜੂਦ ਹੈ, ਜਿਸ ਦੀ ਜਾਂਚ ਨਾਲ ਤੱਥ ਸਪੱਸ਼ਟ ਹੋ ਸਕਦੇ ਹਨ।

ਰਾਤ ਕਰੀਬ 11 ਵਜੇ ਹਸਪਤਾਲ ਦੇ ਬਾਹਰ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਅਤੇ ਮੈਡੀਕਲ ਰਿਪੋਰਟ ਦੀ ਵੀ ਜਾਂਚ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande