
ਲੁਧਿਆਣਾ, 02 ਅਗਸਤ (ਹਿੰ.ਸ.)| ਲੁਧਿਆਣਾ ਦੀ ਅਤਿ ਸੁਰੱਖਿਅਤ ਮੰਨੀ ਜਾਂਦੀ ਸੈਂਟਰਲ ਜੇਲ੍ਹ ਵਿੱਚ ਇੱਕ ਵਾਰ ਫਿਰ ਬਾਹਰੋਂ ਪਾਬੰਦੀਸ਼ੁਦਾ ਸਾਮਾਨ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਰਾਤ ਦੀ ਗਸ਼ਤ ਦੌਰਾਨ ਜੇਲ੍ਹ ਦੇ ਅੰਦਰੋਂ 2 ਸ਼ੱਕੀ ਪੈਕੇਟ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚ ਮੋਬਾਈਲ ਫੋਨ, ਤੰਬਾਕੂ ਦੀਆਂ ਪੁੜੀਆਂ ਅਤੇ ਨਸ਼ੇ ਦਾ ਸੇਵਨ ਕਰਨ ਲਈ ਵਰਤੇ ਜਾਣ ਵਾਲੇ ਪਾਈਪ ਸ਼ਾਮਲ ਹਨ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਥਾਣਾ ਡਿਵੀਜ਼ਨ ਨੰਬਰ-7 ਵਿੱਚ ਦਰਜ ਐੱਫਆਈਆਰ ਮੁਤਾਬਕ ਕਾਰਵਾਈ ਲੁਧਿਆਣਾ ਸੈਂਟਰਲ ਜੇਲ੍ਹ ਦੇ ਸਹਾਇਕ ਸੁਪਰਿੰਟੈਂਡੈਂਟ ਸੁਖਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 27 ਅਤੇ 28 ਜੁਲਾਈ ਦੀ ਦਰਮਿਆਨੀ ਰਾਤ ਜੇਲ੍ਹ ਕੰਪਲੈਕਸ ਵਿੱਚ ਰੁਟੀਨ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਜੇਲ੍ਹ ਦੀ ਕੰਧ ਦੇ ਪਾਰੋਂ ਅੰਦਰ ਸੁੱਟੇ ਗਏ ਦੋ ਸ਼ੱਕੀ ਪੈਕੇਟ ਮਿਲੇ।ਜੇਲ੍ਹ ਅਧਿਕਾਰੀਆਂ ਵੱਲੋਂ ਜਦੋਂ ਦੋਵੇਂ ਪੈਕੇਟ ਖੋਲ੍ਹੇ ਗਏ ਤਾਂ ਉਨ੍ਹਾਂ ਵਿੱਚੋਂ 2 ਕੀਪੈਡ ਮੋਬਾਈਲ ਫੋਨ, 2 ਡਾਟਾ ਕੇਬਲ, ਤੰਬਾਕੂ ਦੀਆਂ 15 ਪੁੜੀਆਂ, ਕਾਲੇ ਰੰਗ ਦੇ 45 ਨਾਰਕੋਟਿਕ ਪਾਈਪ ਬਰਾਮਦ ਹੋਇਆ।ਜੇਲ੍ਹ ਪ੍ਰਸ਼ਾਸਨ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੈਕੇਟ ਲੁਧਿਆਣਾ ਦੇ ਰਹਿਣ ਵਾਲੇ ‘ਫੌਜੀ’ ਨਾਮ ਦੇ ਵਿਅਕਤੀ ਵੱਲੋਂ ਜੇਲ੍ਹ ਦੀ ਕੰਧ ਦੇ ਬਾਹਰੋਂ ਅੰਦਰ ਸੁੱਟੇ ਜਾਣ ਦਾ ਸ਼ੱਕ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਹੁਣ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੇ ਅੰਦਰ ਇਹ ਪਾਬੰਦੀਸ਼ੁਦਾ ਸਾਮਾਨ ਕਿਸ ਕੈਦੀ ਲਈ ਭੇਜਿਆ ਗਿਆ ਸੀ ਅਤੇ ਇਸ ਪੂਰੇ ਮਾਮਲੇ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH