
ਪਿੰਡ ਖਾਰਾ ਦੇ ਸਰਪੰਚ ਜਗਤਾਰ ਸਿੰਘ ਜੱਗਾ ਬਰਾੜ ਨੂੰ ਬਣਾਇਆ ਪ੍ਰਧਾਨਕੋਟਕਪੂਰਾ, 02 ਅਗਸਤ (ਹਿੰ.ਸ.)| ਪੰਚਾਇਤਾਂ ਦੀ ਚੰਗੇ ਸਮਾਜ ਦੀ ਸਿਰਜਣਾ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ, ਕਿਉਂਕਿ ਪੰਚਾਇਤਾਂ ਦਾ ਪਿੰਡ ਵਾਸੀਆਂ ਅਤੇ ਗੁਆਂਢੀ ਪਿੰਡਾਂ ਦੇ ਵਸਨੀਕਾਂ ਨਾਲ ਤਾਲਮੇਲ ਵੀ ਇਨ੍ਹਾਂ ਕੰਮਾਂ ਵਿੱਚ ਵੱਡਾ ਸਹਿਯੋਗ ਕਰਦਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਅਜਿਹੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਚੁਣੋਤੀਆਂ ਅਤੇ ਪ੍ਰੇਸ਼ਾਨੀਆਂ ਦੂਰ ਕਰਨ ਤੋਂ ਇਲਾਵਾ ਹਲਕੇ ਦੇ ਵਿਕਾਸ ਲਈ ਸਹਾਈ ਹੋਵੇਗਾ।ਸਪੀਕਰ ਸੰਧਵਾਂ ਨੇ ਕੋਆਰਡੀਨੇਸ਼ਨ ਕਮੇਟੀ ਦਾ ਜਗਤਾਰ ਸਿੰਘ ਜੱਗਾ ਬਰਾੜ ਸਰਪੰਚ ਪਿੰਡ ਖਾਰਾ ਨੂੰ ਪ੍ਰਧਾਨ, ਲਖਬੀਰ ਸਿੰਘ ਸਰਪੰਚ ਪਿੰਡ ਢਾਬ ਨੂੰ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਕੌਰ ਸਰਪੰਚ ਪਿੰਡ ਪੱਕਾ ਨੂੰ ਜੂਨੀਅਰ ਮੀਤ ਪ੍ਰਧਾਨ, ਜਗਰੂਪ ਸਿੰਘ ਸਰਪੰਚ ਪਿੰਡ ਧੂੜਕੋਟ ਨੂੰ ਜੁਆਂਇੰਟ ਸਕੱਤਰ, ਅਮਰੀਕ ਸਿੰਘ ਸਰਪੰਚ ਡੱਗੋਰੋਮਾਣਾ ਨੂੰ ਖਜਾਨਚੀ, ਰਮਨਦੀਪ ਕੌਰ ਸਰਪੰਚ ਪਿੰਡ ਭੈਰੋਭੱਟੀ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਹਲਕੇ ਦੇ ਪੰਚਾਂ ਅਤੇ ਸਰਪੰਚਾਂ ਦਾ ਹਰ ਸਰਕਾਰੀ ਦਫਤਰ ਅਤੇ ਪੁਲਿਸ ਥਾਣਿਆਂ ਵਿੱਚ ਬਿਨਾ ਕਿਸੇ ਵਿਤਕਰੇ, ਧੜੇਬੰਦੀ ਤੋਂ ਮਾਣ ਸਤਿਕਾਰ ਹੋਵੇਗਾ। ਉਹਨਾਂ ਉੱਥੇ ਹਾਜਰ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੁਣੇ ਨੁਮਾਇੰਦਿਆਂ ਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਦਾ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋਣ ਅਤੇ ਸ਼ੁਰੂਆਤੀ ਦਿਨਾ ਵਿੱਚ ਵਿਰੋਧੀਆਂ ਦੀਆਂ ਸਾਜਿਸ਼ਾਂ, ਚਾਲਾਂ, ਪ੍ਰਾਪੇਗੰਡਾ ਵਰਗੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਜੇਕਰ ਅਸੀਂ ਸੱਚਾਈ ਦੇ ਰਸਤੇ ’ਤੇ ਚੱਲਦੇ ਹਾਂ ਤਾਂ ਗੁਰੂ ਸਾਹਿਬ ਖੁਦ ਆਸ਼ੀਰਵਾਦ ਦੇ ਕੇ ਹਰ ਮੁਸ਼ਕਿਲ ਅਤੇ ਸਮੱਸਿਆ ਦਾ ਹੱਲ ਕਰ ਦਿੰਦੇ ਹਨ। ਨਵ ਨਿਯੁਕਤ ਪ੍ਰਧਾਨ ਜਗਤਾਰ ਸਿੰਘ ਜੱਗਾ ਬਰਾੜ ਸਮੇਤ ਕੋਆਰਡੀਨੇਸ਼ਨ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਹਾਜਰੀਨ ਸਰਪੰਚਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਿਨਾ ਕਿਸੇ ਪੱਖਪਾਤ ਦੇ ਦੂਰ ਕਰਨ ਲਈ ਯਤਨਸ਼ੀਲ ਰਹਿਣਗੇ।ਕੋਆਰਡੀਨੇਸ਼ਨ ਕਮੇਟੀ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸ਼ਾਨਦਾਰ ਲੋਈ ਨਾਲ ਸਨਮਾਨ ਕੀਤਾ ਗਿਆ, ਜਦਕਿ ਸਪੀਕਰ ਸੰਧਵਾਂ ਨੇ ਨਵ ਨਿਯੁਕਤ ਪ੍ਰਧਾਨ ਜਗਤਾਰ ਸਿੰਘ ਜੱਗਾ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦੇ ਸਮੂਹ ਸਰਪੰਚਾਂ ਸਮੇਤ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਪ੍ਰਧਾਨ ਨਗਰ ਕੋਂਸਲ ਕੋਟਕਪੂਰਾ ਵੀ ਹਾਜਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH