
ਲੁਧਿਆਣਾ, 02 ਅਗਸਤ (ਹਿੰ.ਸ.)| ਲੰਬੇ ਇੰਤਜ਼ਾਰ ਅਤੇ ਕਈ ਵਾਰ ਉਦਘਾਟਨ ਟਲਣ ਮਗਰੋਂ ਆਖਿਰਕਾਰ ਅੱਜ ਲੁਧਿਆਣਾ ਦੇ ਕਿਦਵਈ ਨਗਰ ਅਤੇ ਮਿਲਰਗੰਜ-ਢੋਲੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕੈਂਪਸ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ।
ਕਿਦਵਈ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਪਹਿਲਾਂ 28 ਮਈ ਨੂੰ ਪ੍ਰਸਤਾਵਿਤ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਦੀ ਰੁਝੇਵਿਆਂ ਕਾਰਨ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਨਵੀਂ ਤਾਰੀਖ ਦਾ ਐਲਾਨ ਨਹੀਂ ਹੋਇਆ। ਸਕੂਲ ਦੀ ਇਮਾਰਤ ਪੂਰੀ ਤਰ੍ਹਾਂ ਤਿਆਰ ਹੋਣ ਦੇ ਬਾਵਜੂਦ ਇਹ ਕਈ ਮਹੀਨਿਆਂ ਤੋਂ ਬੰਦ ਪਈ ਸੀ।
ਇਸ ਪ੍ਰਾਜੈਕਟ ਦੀ ਸਮਾਂ-ਸੀਮਾ ਪਹਿਲਾਂ ਵੀ ਕਈ ਵਾਰ ਅੱਗੇ ਵਧ ਚੁੱਕੀ ਹੈ। ਪਿਛਲੇ ਸਾਲ ਨਵੰਬਰ ਵਿੱਚ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐਲਾਨ ਕੀਤਾ ਸੀ ਕਿ ਸਕੂਲ ਤਿੰਨ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਵੀ ਮਾਰਚ 2025 ਤੱਕ ਸਕੂਲ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਸੀ।
ਕਿਦਵਈ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ਵਿੱਚ 40 ਆਧੁਨਿਕ ਕਲਾਸਰੂਮ ਤਿਆਰ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਬਿਹਤਰ ਵਿੱਦਿਅਕ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ।
ਨਵੀਂ ਇਮਾਰਤ ਤਿਆਰ ਹੋਣ ਦੇ ਬਾਵਜੂਦ ਹੁਣ ਤੱਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰਬਰ-3 ਦੇ ਸੀਮਤ ਥਾਂ ਵਾਲੇ ਪੁਰਾਣੇ ਕੈਂਪਸ ਵਿੱਚ ਪੜ੍ਹ ਰਹੇ ਸਨ। ਨਵੇਂ ਕੈਂਪਸ ਵਿੱਚ ਮੁੱਖ ਤੌਰ ’ਤੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਾਂ ਦਿੱਤੀ ਜਾਵੇਗੀ, ਜਦਕਿ ਪੁਰਾਣੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਵਾਰ ਨਵੇਂ ਕੈਂਪਸ ਵਿੱਚ ਤਬਦੀਲ ਨਹੀਂ ਕੀਤਾ ਜਾਵੇਗਾ।
ਮਿਲਰਗੰਜ-ਢੋਲੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ਵਿੱਚ ਵੀ ਵਿਦਿਆਰਥੀਆਂ ਲਈ ਕਈ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ ਹਰੇਕ ਕਲਾਸਰੂਮ ਵਿੱਚ ਪ੍ਰੋਜੈਕਟਰ ਅਤੇ ਸਕਰੀਨ ਲਗਾਏ ਗਏ ਹਨ। ਇਸ ਤੋਂ ਇਲਾਵਾ ਆਰ.ਓ. ਸਿਸਟਮ ਵਾਲੇ ਵਾਟਰ ਕੂਲਰ ਅਤੇ ਹੋਰ ਆਧੁਨਿਕ ਸਾਧਨ ਵੀ ਉਪਲਬਧ ਕਰਵਾਏ ਗਏ ਹਨ।
ਦੋਵੇਂ ਸਕੂਲ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਦੇ ਆਧੁਨਿਕੀਕਰਨ ਦੀ ਯੋਜਨਾ ਦਾ ਹਿੱਸਾ ਹਨ। ਇਨ੍ਹਾਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਆਧੁਨਿਕ ਵਿਗਿਆਨ ਅਤੇ ਕੰਪਿਊਟਰ ਲੈਬ, ਸੀਸੀਟੀਵੀ ਨਿਗਰਾਨੀ, ਬਿਹਤਰ ਖੇਡ ਸਹੂਲਤਾਂ ਅਤੇ ਵਿਦਿਆਰਥੀਆਂ ਲਈ ਅਨੁਕੂਲ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।
ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਦੋਵੇਂ ਸਕੂਲਾਂ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਿਦਵਈ ਨਗਰ ਸਕੂਲ ਵਿੱਚ ਪ੍ਰਬੰਧਾਂ ਦੀ ਨਿਗਰਾਨੀ ਲਈ 6 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਇਹ ਅਧਿਆਪਕ ਕਲਾਸਰੂਮਾਂ, ਪ੍ਰੋਜੈਕਟਰਾਂ ਅਤੇ ਹੋਰ ਉਪਕਰਨਾਂ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।
ਉੱਥੇ ਹੀ ਮਿਲਰਗੰਜ-ਢੋਲੇਵਾਲ ਸਕੂਲ ਵਿੱਚ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਲਈ 5 ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੋਵੇਂ ਸਕੂਲ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH