ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ‘ਬਰਗਾੜੀ ਮਾਡਲ’ ਅਪਨਾਉਣ ਦੀ ਲੋੜ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 02 ਅਗਸਤ (ਹਿੰ.ਸ.)| ਪੰਜਾਬ ਵਿੱਚ ਪੁਸਤਕ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਛੋਟੇ-ਛੋਟੇ ਸਮੂਹ ਬਣਾ ਕੇ ‘ਬਰਗਾੜੀ ਮਾਡਲ’ ਨੂੰ ਅਪਣਾਉਣ ਦੀ ਸਖ਼ਤ ਲੋੜ ਹੈ। ਇਹ ਪ੍ਰਗਟਾਵਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼
ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ‘ਬਰਗਾੜੀ ਮਾਡਲ’ ਅਪਨਾਉਣ ਦੀ ਲੋੜ : ਪ੍ਰੋ. ਗੁਰਭਜਨ ਸਿੰਘ ਗਿੱਲ


ਲੁਧਿਆਣਾ, 02 ਅਗਸਤ (ਹਿੰ.ਸ.)| ਪੰਜਾਬ ਵਿੱਚ ਪੁਸਤਕ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਛੋਟੇ-ਛੋਟੇ ਸਮੂਹ ਬਣਾ ਕੇ ‘ਬਰਗਾੜੀ ਮਾਡਲ’ ਨੂੰ ਅਪਣਾਉਣ ਦੀ ਸਖ਼ਤ ਲੋੜ ਹੈ। ਇਹ ਪ੍ਰਗਟਾਵਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ 23 ਨੌਜਵਾਨਾਂ ਨੇ ਸਾਲ 2000 ਵਿੱਚ ਪੁਸਤਕ ਸੱਭਿਆਚਾਰ, ਸਾਹਿਤ, ਸਿਹਤ ਅਤੇ ਵਾਤਾਵਰਣ ਦੀ ਉਸਾਰੀ ਲਈ ਉਪਰਾਲੇ ਸ਼ੁਰੂ ਕੀਤੇ ਸਨ। ਲਗਾਤਾਰ ਸਰਗਰਮੀ ਰਾਹੀਂ ਪੀਪਲਜ਼ ਫੋਰਮ ਬਰਗਾੜੀ ਨੇ ਪੁਸਤਕ ਮੇਲੇ ਲਗਾਉਣ, ਵਾਤਾਵਰਣ ਸੰਭਾਲ ਅਤੇ ਘਰ-ਘਰ ਲਾਇਬਰੇਰੀਆਂ ਸਥਾਪਤ ਕਰਨ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ।ਪ੍ਰੋ. ਗਿੱਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਨਿੱਕੇ-ਨਿੱਕੇ ਸਮੂਹ ਬਣਾ ਕੇ ਇਸੇ ਤਰ੍ਹਾਂ ਪੁਸਤਕ ਸੱਭਿਆਚਾਰ ਨੂੰ ਘਰ-ਘਰ ਤੱਕ ਪਹੁੰਚਾਉਣ। ਉਨ੍ਹਾਂ ਪੰਜਾਬ ਦੀਆਂ ਖੇਡ ਕਲੱਬਾਂ, ਸਾਹਿਤਕ ਅਤੇ ਸੱਭਿਆਚਾਰਕ ਸਭਾਵਾਂ ਨੂੰ ਵੀ ਸਾਂਝੇ ਤੌਰ ’ਤੇ ਹੰਭਲਾ ਮਾਰਨ ਦੀ ਅਪੀਲ ਕੀਤੀ, ਤਾਂ ਜੋ ਪੰਜਾਬ ਨੂੰ ਗਿਆਨ ਅਤੇ ਸਾਹਿਤ ਦੀ ਧਰਤੀ ਬਣਾਇਆ ਜਾ ਸਕੇ।ਪੀਪਲਜ਼ ਫੋਰਮ ਬਰਗਾੜੀ ਦੇ ਆਗੂ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਸਾਲ 2013 ਤੋਂ ਹੁਣ ਤੱਕ ਫੋਰਮ ਵੱਲੋਂ ਕਿਸੇ ਸਰਕਾਰ ਜਾਂ ਸੰਸਥਾ ਤੋਂ ਆਰਥਿਕ ਸਹਾਇਤਾ ਲਏ ਬਿਨਾਂ 350 ਪੁਸਤਕਾਂ ਪ੍ਰਕਾਸ਼ਿਤ ਕਰਕੇ ਘਰੇਲੂ ਲਾਇਬਰੇਰੀਆਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ। ਖਾਸ ਗੱਲ ਇਹ ਹੈ ਕਿ ਪੁਸਤਕ ਪ੍ਰਕਾਸ਼ਨ ਲਈ ਕਿਸੇ ਲੇਖਕ ਤੋਂ ਪੈਸੇ ਨਹੀਂ ਲਏ ਜਾਂਦੇ, ਸਗੋਂ ਲੇਖਕ ਨੂੰ ਰਾਇਲਟੀ ਵਜੋਂ ਕੁਝ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਸਿਰਫ਼ 350 ਰੁਪਏ ਵਿੱਚ ਚਾਰ ਪੁਸਤਕਾਂ ਦਾ ਸੈੱਟ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਰਹਿੰਦੇ ਲਗਭਗ 750 ਪੰਜਾਬੀ ਪਰਿਵਾਰਾਂ ਨੂੰ ਡਾਕ ਰਾਹੀਂ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿੰਦੇ 50 ਪੰਜਾਬੀ ਪਰਿਵਾਰ ਵੀ ਇਸ ਘਰੇਲੂ ਪੁਸਤਕ ਲਾਇਬਰੇਰੀ ਮੁਹਿੰਮ ਦਾ ਹਿੱਸਾ ਬਣ ਚੁੱਕੇ ਹਨ।ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਹਰ ਦੋ ਮਹੀਨੇ ਬਾਅਦ ਪੁਸਤਕਾਂ ਦਾ ਸੈੱਟ ਪਾਠਕ ਪਰਿਵਾਰਾਂ ਨੂੰ ਭੇਜਿਆ ਜਾਂਦਾ ਹੈ। ਜੁਲਾਈ-ਅਗਸਤ 2026 ਦੇ ਸੈੱਟ ਵਿੱਚ ਬਲਬੀਰ ਪਰਵਾਨਾ ਦਾ ਕਹਾਣੀ ਸੰਗ੍ਰਹਿ ‘ਸਭ ਤੋਂ ਉਦਾਸ ਇਬਾਰਤ’, ਹਰਮੀਤ ਵਿਦਿਆਰਥੀ ਦੀ ਸਿਰਜਣਾਤਮਕ ਡਾਇਰੀ ‘ਧਰਤਿ ਨੇ ਬੋਲਣਾ ਹੀ ਸੀ’, ਕੁਮਾਰ ਜਗਦੇਵ ਦੀ ਵਾਰਤਕ ਪੁਸਤਕ ‘ਮੈਲੇ ਲੱਠੇ ਦੀ ਝਾਲਰ’ ਅਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦਾ ਤ੍ਰੈਮਾਸਿਕ ਪੱਤਰ ‘ਸਮਕਾਲੀ ਸਾਹਿਤ’ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ 2013 ਤੋਂ ਹੁਣ ਤੱਕ ਲਗਭਗ 2 ਲੱਖ 50 ਹਜ਼ਾਰ ਪੁਸਤਕਾਂ ਘਰ-ਘਰ ਪਹੁੰਚਾਈਆਂ ਜਾ ਚੁੱਕੀਆਂ ਹਨ। ਪੀਪਲਜ਼ ਫੋਰਮ ਬਰਗਾੜੀ ਦੀਆਂ ਪ੍ਰਕਾਸ਼ਨਾਵਾਂ ਪੰਜਾਬ ਦੇ ਪ੍ਰਮੁੱਖ ਪੁਸਤਕ ਵਿਕਰੇਤਾਵਾਂ ਤੋਂ ਵੀ ਉਪਲਬਧ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੀਪਲਜ਼ ਫੋਰਮ ਦਾ ਇਹ ਸੰਦੇਸ਼ ਕਿ ‘ਸਿਰਫ਼ ਅੱਧਾ ਕੱਪ ਚਾਹ ਦਾ ਮੁੱਲ ਹਰ ਰੋਜ਼ ਬਚਾ ਕੇ ਘਰ-ਘਰ ਸ਼ਬਦ ਪ੍ਰਕਾਸ਼ ਕੀਤਾ ਜਾ ਸਕਦਾ ਹੈ’ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande