
ਫਿਲੌਰ, 02 ਅਗਸਤ (ਹਿੰ.ਸ.)| ਪੰਜਾਬ ਦੇ ਫਿਲੌਰ ਵਿੱਚ ਜਨਮੀ 77 ਸਾਲਾ ਨਿਰਮਲ ਸਹਿਗਲ ਨੂੰ ਬ੍ਰਿਟੇਨ ਦੇ ਪੌਂਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਚੁਣਿਆ ਗਿਆ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਨਾ ਸਿਰਫ਼ ਫਿਲੌਰ ਅਤੇ ਪੰਜਾਬ, ਸਗੋਂ ਪੂਰੇ ਭਾਰਤੀ ਭਾਈਚਾਰੇ ਲਈ ਮਾਣ ਦੀ ਗੱਲ ਮੰਨੀ ਜਾ ਰਹੀ ਹੈ।
ਨਿਰਮਲ ਸਹਿਗਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲਾਲਾ ਈਸ਼ਵਰ ਦਾਸ ਵੜ੍ਹੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ, ਫਿਲੌਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਗਵਰਨਮੈਂਟ ਕਾਲਜ ਫਾਰ ਵੂਮੈਨ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡੀਏਵੀ ਕਾਲਜ ਜਲੰਧਰ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਐੱਮ.ਏ. ਦੀ ਪੜ੍ਹਾਈ ਸ਼ੁਰੂ ਕੀਤੀ, ਪਰ ਵਿਆਹ ਤੈਅ ਹੋਣ ਕਾਰਨ ਪੜ੍ਹਾਈ ਪੂਰੀ ਨਾ ਕਰ ਸਕੀ।
ਮਾਰਚ 1969 ਵਿੱਚ ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਬ੍ਰਿਟੇਨ ਚਲੇ ਗਏ। ਉੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾਈ। ਬਾਅਦ ਵਿੱਚ ਉਹ ਸਮਾਜ ਸੇਵਾ ਨਾਲ ਜੁੜ ਗਈਆਂ ਅਤੇ ਭਾਰਤੀ, ਖ਼ਾਸ ਕਰਕੇ ਪੰਜਾਬੀ ਪ੍ਰਵਾਸੀਆਂ ਦੀ ਸਰਕਾਰੀ ਕੰਮਾਂ, ਅਨੁਵਾਦ, ਹਸਪਤਾਲੀ ਸੇਵਾਵਾਂ ਅਤੇ ਹੋਰ ਪ੍ਰਸ਼ਾਸਕੀ ਕਾਰਵਾਈਆਂ ਵਿੱਚ ਮਦਦ ਕਰਦੇ ਰਹੇ।
ਸਾਲ 1980 ਵਿੱਚ ਉਨ੍ਹਾਂ ਦੇ ਪਰਿਵਾਰ ਨੇ ਲੈਮਿੰਗਟਨ ਪੋਸਟ ਆਫਿਸ ਦੀ ਜ਼ਿੰਮੇਵਾਰੀ ਸੰਭਾਲੀ, ਜਿੱਥੋਂ ਵੀ ਉਨ੍ਹਾਂ ਨੇ ਸਮਾਜ ਸੇਵਾ ਦਾ ਸਿਲਸਿਲਾ ਜਾਰੀ ਰੱਖਿਆ। ਸੇਵਾਮੁਕਤੀ ਤੋਂ ਬਾਅਦ ਵੀ ਉਹ ਕਈ ਸਮਾਜਿਕ ਸੰਸਥਾਵਾਂ ਨਾਲ ਸਰਗਰਮ ਰਹੇ। ਉਨ੍ਹਾਂ ਨੇ ਪੌਂਟਲੈਂਡ ਕਮਿਊਨਿਟੀ ਪਾਰਟਨਰਸ਼ਿਪ ਕਮੇਟੀ, ਮਰੀਜ਼ ਪ੍ਰਤੀਨਿਧੀ ਸਮੂਹ ਅਤੇ ਹੋਰ ਸਮਾਜਿਕ ਸੰਗਠਨਾਂ ਨਾਲ ਕੰਮ ਕੀਤਾ। ਨਿਊਕੈਸਲ ਦੇ ਹਿੰਦੂ ਮੰਦਰ ਦੀ ਟਰੱਸਟੀ ਅਤੇ ਉਪ ਪ੍ਰਧਾਨ ਵਜੋਂ ਉਨ੍ਹਾਂ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਕਰੀਬ 9,000 ਪੌਂਡ ਇਕੱਠੇ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਨਿਰਮਲ ਸਹਿਗਲ ਪੰਜ ਸਾਲ ਪਹਿਲਾਂ ਟਾਊਨ ਕੌਂਸਲ ਦੀ ਕੌਂਸਲਰ ਚੁਣੇ ਗਏ ਸਨ ਅਤੇ ਪਿਛਲੇ ਸਾਲ ਉਹ ਬਿਨਾਂ ਵਿਰੋਧ ਮੁੜ ਚੁਣੇ ਗਏ। ਹੁਣ ਸਾਥੀ ਕੌਂਸਲਰਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਪੌਂਟਲੈਂਡ ਟਾਊਨ ਕੌਂਸਲ ਦਾ ਮੇਅਰ ਚੁਣਿਆ ਹੈ। ਆਪਣੀ ਇਸ ਉਪਲਬਧੀ ਦਾ ਸਿਹਰਾ ਉਨ੍ਹਾਂ ਨੇ ਆਪਣੇ ਸਵਰਗੀ ਪਤੀ ਦੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨੂੰ ਦਿੰਦਿਆਂ ਕਿਹਾ ਕਿ ਕਾਸ਼ ਉਹ ਅੱਜ ਇਸ ਮਾਣਮੱਤੀ ਪਲ ਦੇ ਗਵਾਹ ਹੁੰਦੇ।
ਹਿੰਦੂਸਥਾਨ ਸਮਾਚਾਰ / GURSHARAN SINGH