
ਚੰਡੀਗੜ੍ਹ, 28 ਅਗਸਤ (ਹਿੰ.ਸ.)| ਉੱਤਰੀ ਰੇਲਵੇ ਨੇ ਪੰਜਾਬ ਦੇ ਰੇਲ ਯਾਤਰੀਆਂ ਲਈ ਅਹਿਮ ਅਪਡੇਟ ਜਾਰੀ ਕੀਤਾ ਹੈ। ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਣਸੀ ਦੇ ਸੀਰ ਗੋਵਰਧਨਪੁਰ ਵਿਚਕਾਰ ਨਵੀਂ ਐਕਸਪ੍ਰੈੱਸ ਟਰੇਨ 14624/14623 ਛੇਹਰਟਾ-ਵਾਰਾਣਸੀ-ਛੇਹਰਟਾ ਐਕਸਪ੍ਰੈੱਸ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਚੱਲਣ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਆਉਣ ਵਾਲੀਆਂ ਕਈ ਪ੍ਰਮੁੱਖ ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਰੇਲਵੇ ਮੁਤਾਬਕ ਇਹ ਬਦਲਾਅ ਵੱਖ-ਵੱਖ ਟਰੇਨਾਂ ਲਈ 31 ਅਗਸਤ 2026 ਤੋਂ ਨਵੰਬਰ 2026 ਤੱਕ ਲਾਗੂ ਰਹੇਗਾ। ਸੀਐਸਐਮਟੀ-ਅੰਮ੍ਰਿਤਸਰ ਐਕਸਪ੍ਰੈੱਸ (11057) 2 ਸਤੰਬਰ ਤੋਂ ਅੰਮ੍ਰਿਤਸਰ ਸ਼ਾਮ 4:15 ਵਜੇ ਦੀ ਬਜਾਏ 4:50 ਵਜੇ ਪਹੁੰਚੇਗੀ। ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈੱਸ (14617) 2 ਸਤੰਬਰ ਤੋਂ 4:55 ਵਜੇ ਦੀ ਬਜਾਏ 5:05 ਵਜੇ ਪਹੁੰਚੇਗੀ। ਕੋਲਕਾਤਾ-ਅੰਮ੍ਰਿਤਸਰ ਦੁਰਗਿਆਨਾ ਐਕਸਪ੍ਰੈੱਸ (12357) 1 ਸਤੰਬਰ ਤੋਂ 5:20 ਵਜੇ ਦੀ ਬਜਾਏ 5:35 ਵਜੇ ਪਹੁੰਚੇਗੀ।
ਇਸੇ ਤਰ੍ਹਾਂ ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ (14673) 2 ਨਵੰਬਰ ਤੋਂ 5:50 ਵਜੇ ਦੀ ਬਜਾਏ 6:05 ਵਜੇ ਅਤੇ ਜੈਨਗਰ-ਅੰਮ੍ਰਿਤਸਰ ਸਰਯੂ ਯਮੁਨਾ ਐਕਸਪ੍ਰੈੱਸ (14649) 1 ਨਵੰਬਰ ਤੋਂ 5:50 ਵਜੇ ਦੀ ਬਜਾਏ 6:05 ਵਜੇ ਅੰਮ੍ਰਿਤਸਰ ਪਹੁੰਚੇਗੀ। ਰੇਲਵੇ ਅਧਿਕਾਰੀਆਂ ਮੁਤਾਬਕ ਨਵੀਂ ਛੇਹਰਟਾ-ਵਾਰਾਣਸੀ ਐਕਸਪ੍ਰੈੱਸ ਦੀ ਸਮਾਂ-ਸਾਰਣੀ ਨੂੰ ਠੀਕ ਕਰਨ ਲਈ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ। ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਆਪਣੀ ਟਰੇਨ ਦਾ ਨਵਾਂ ਸਮਾਂ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH