
ਲੁਧਿਆਣਾ, 03 ਅਗਸਤ (ਹਿੰ.ਸ.)| ਨਗਰ ਨਿਗਮ ਦੀ ਸਭ ਤੋਂ ਪ੍ਰਭਾਵਸ਼ਾਲੀ ਫਾਇਨਾਂਸ ਐਂਡ ਕਾਂਟ੍ਰੈਕਟਸ ਕਮੇਟੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਦੋ ਵਿਧਾਇਕਾਂ ਦੇ ਪੁੱਤਰਾਂ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 7 ਅਗਸਤ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕੌਂਸਲਰ ਅਮਨ ਬੱਗਾ ਅਤੇ ਯੁਵਰਾਜ ਸਿੰਘ ਸਿੱਧੂ ਨੇ ਐੱਫ ਐਂਡ ਸੀ ਸੀ ਦੇ ਮੈਂਬਰ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਮਾਮਲਾ ਕਾਂਗਰਸੀ ਪਾਰਸ਼ਦ ਗੌਰਵ ਭੱਟੀ ਵੱਲੋਂ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਪਟੀਸ਼ਨ ਵਿੱਚ ਦੋਵਾਂ ਨਿਯੁਕਤੀਆਂ ਨੂੰ ਚੁਣੌਤੀ ਦਿੱਤੀ ਗਈ ਹੈ। 7 ਅਗਸਤ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਲੁਧਿਆਣਾ ਦੇ ਮੇਅਰ ਨੂੰ ਆਪਣਾ ਹਲਫ਼ਨਾਮਾ ਅਤੇ ਐੱਫਐਂਡਸੀਸੀ ਵੱਲੋਂ ਹੁਣ ਤੱਕ ਲਏ ਗਏ ਫ਼ੈਸਲਿਆਂ ਸਬੰਧੀ ਜਵਾਬ ਅਦਾਲਤ ਵਿੱਚ ਪੇਸ਼ ਕਰਨਾ ਹੈ। ਇਸ ਤੋਂ ਪਹਿਲਾਂ ਹੀ ਦੋਵਾਂ ਕੌਂਸਲਰਾਂ ਦੇ ਅਸਤੀਫ਼ੇ ਸਾਹਮਣੇ ਆ ਗਏ ਹਨ। ਗੌਰਵ ਭੱਟੀ ਨੇ ਇਸ ਨੂੰ ਸੰਵਿਧਾਨ ਅਤੇ ਨਿਯਮਾਂ ਦੀ ਜਿੱਤ ਕਰਾਰ ਦਿੱਤਾ ਹੈ।
ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਤੇ ਕੌਂਸਲਰ ਅਮਨ ਬੱਗਾ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ਕਾਰਨ ਐੱਫਐਂਡਸੀਸੀ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ ਅਤੇ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਅਹੁਦੇ ਨਾਲੋਂ ਸ਼ਹਿਰ ਦਾ ਵਿਕਾਸ ਵੱਧ ਮਹੱਤਵਪੂਰਨ ਹੈ, ਇਸ ਲਈ ਉਹ ਪਹਿਲਾਂ ਹੀ 30 ਜੁਲਾਈ ਨੂੰ ਅਸਤੀਫ਼ਾ ਦੇ ਚੁੱਕੇ ਸਨ, ਪਰ ਉਸ ਸਮੇਂ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਕਾਰਨ ਇਸ ਨੂੰ ਜਨਤਕ ਨਹੀਂ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਅਤੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਵਿੱਚ ਪਾਰਟੀ ਹਾਈਕਮਾਨ ਅਤੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਕਮੇਟੀ ਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟ ਨਾ ਆਵੇ, ਇਸ ਲਈ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਪਟੀਸ਼ਨਕਰਤਾ ਗੌਰਵ ਭੱਟੀ ਦਾ ਕਹਿਣਾ ਹੈ ਕਿ ਪੰਜਾਬ ਨਗਰ ਨਿਗਮ ਐਕਟ ਅਨੁਸਾਰ ਐੱਫਐਂਡਸੀਸੀ ਦਾ ਗਠਨ ਸਿਰਫ਼ ਚੁਣੇ ਹੋਏ ਪਾਰਸ਼ਦਾਂ ਦੀ ਚੋਣ ਰਾਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਕਮੇਟੀ ਵਿੱਚ ਸ਼ਾਮਲ ਕਰਕੇ ਨਗਰ ਨਿਗਮ ਦੀ ਪ੍ਰਸ਼ਾਸਕੀ ਪ੍ਰਣਾਲੀ 'ਤੇ ਗੈਰ-ਸੰਵਿਧਾਨਕ ਸਿਆਸੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਸੀ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ 'ਐਂਟੀਸਿਪੇਸ਼ਨ ਅਪ੍ਰੂਵਲ' ਦੇ ਜ਼ਰੀਏ ਟੈਂਡਰਾਂ ਅਤੇ ਹੋਰ ਫਾਈਲਾਂ ਨੂੰ ਜਲਦਬਾਜ਼ੀ ਵਿੱਚ ਮਨਜ਼ੂਰੀ ਦਿਵਾਈ ਜਾ ਰਹੀ ਸੀ, ਜਿਸ ਨਾਲ ਪਾਰਦਰਸ਼ਤਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਤੱਕ ਅਜਿਹੀਆਂ ਮਨਜ਼ੂਰੀਆਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH