
20.66 ਲੱਖ ਫਾਰਮ ਨਾ ਮਿਲੇ, 13 ਅਗਸਤ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ; ਪੋਲਿੰਗ ਸਟੇਸ਼ਨ 24,453 ਤੋਂ ਵਧ ਕੇ 25,332 ਹੋਏਚੰਡੀਗੜ੍ਹ, 04 ਅਗਸਤ (ਹਿੰ.ਸ.)| ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਗਹਿਰੀ ਸੁਧਾਈ 2026 ਤਹਿਤ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸੂਬੇ ਦੇ 2,14,61,043 ਰਜਿਸਟਰਡ ਵੋਟਰਾਂ ਦੀ ਤਸਦੀਕ ਕੀਤੀ ਗਈ ਹੈ। ਉਨ੍ਹਾਂ ਚੋਣ ਅਮਲੇ, ਖਾਸ ਤੌਰ ’ਤੇ ਬੂਥ ਲੈਵਲ ਅਫਸਰਾਂ, ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਮੀਡੀਆ ਦਾ ਸਹਿਯੋਗ ਲਈ ਧੰਨਵਾਦ ਕੀਤਾ।ਐਸਆਈਆਰ ਦੇ ਘਰ-ਘਰ ਪੜਾਅ ਦੌਰਾਨ 24,453 ਬੀਐਲਓਜ਼ ਨੇ 9 ਜੂਨ 2026 ਨੂੰ ਵੋਟਰ ਸੂਚੀ ਵਿੱਚ ਦਰਜ 2,14,61,043 ਵੋਟਰਾਂ ਦੇ ਪਤਿਆਂ ’ਤੇ ਜਾ ਕੇ ਗਣਨਾ ਫਾਰਮ ਵੰਡੇ। ਭਰੇ ਹੋਏ ਫਾਰਮ ਇਕੱਠੇ ਕਰਨ ਲਈ ਬੀਐਲਓਜ਼ ਨੇ ਘੱਟੋ-ਘੱਟ ਤਿੰਨ ਵਾਰ ਘਰਾਂ ਦਾ ਦੌਰਾ ਕੀਤਾ। ਜਿਹੜੇ ਵੋਟਰ ਘਰ ਮੌਜੂਦ ਨਹੀਂ ਸਨ, ਉਨ੍ਹਾਂ ਦੇ ਘਰਾਂ ’ਤੇ ਸੂਚਨਾ ਸਟਿੱਕਰ ਲਗਾਏ ਗਏ ਤਾਂ ਜੋ ਯੋਗ ਵੋਟਰ ਦਾ ਨਾਮ ਸੂਚੀ ਤੋਂ ਬਾਹਰ ਨਾ ਰਹਿ ਜਾਵੇ।3 ਅਗਸਤ ਤੱਕ 1,93,94,408 ਵੋਟਰਾਂ ਦੇ ਫਾਰਮ ਇਕੱਠੇ ਕਰਕੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜੋ ਕੁੱਲ ਵੋਟਰਾਂ ਦਾ 90.37 ਫੀਸਦ ਬਣਦਾ ਹੈ। ਜਦਕਿ 20,66,635 ਫਾਰਮ ਏਐਸਡੀ-ਡੀ ਸ਼੍ਰੇਣੀ ਵਿੱਚ ਆਏ, ਜੋ ਕੁੱਲ ਵੋਟਰਾਂ ਦਾ 9.63 ਫੀਸਦ ਹਨ। ਇਨ੍ਹਾਂ ਵਿੱਚ 5,74,568 ਮ੍ਰਿਤਕ ਵੋਟਰ, 4,12,715 ਗੈਰਹਾਜ਼ਰ ਜਾਂ ਟਰੇਸ ਨਾ ਹੋ ਸਕਣ ਵਾਲੇ, 9,44,131 ਸਥਾਈ ਤੌਰ ’ਤੇ ਸ਼ਿਫਟ ਹੋ ਚੁੱਕੇ ਅਤੇ 1,19,145 ਪਹਿਲਾਂ ਹੀ ਦਰਜ ਵੋਟਰ ਸ਼ਾਮਲ ਹਨ।ਜ਼ਿਲ੍ਹਿਆਂ ਵਿੱਚ ਮਾਨਸਾ ਨੇ ਸਭ ਤੋਂ ਵੱਧ 96.31 ਫੀਸਦ ਫਾਰਮ ਕਲੈਕਸ਼ਨ ਦਰਜ ਕੀਤਾ ਹੈ। ਇਸ ਤੋਂ ਬਾਅਦ ਮਾਲੇਰਕੋਟਲਾ 94.23 ਫੀਸਦ ਅਤੇ ਸੰਗਰੂਰ 94.17 ਫੀਸਦ ਨਾਲ ਅਗਲੇ ਸਥਾਨ ’ਤੇ ਹਨ। ਦੂਜੇ ਪਾਸੇ ਐਸਏਐਸ ਨਗਰ ਵਿੱਚ 82.01 ਫੀਸਦ, ਲੁਧਿਆਣਾ ਵਿੱਚ 84.50 ਫੀਸਦ ਅਤੇ ਕਪੂਰਥਲਾ ਵਿੱਚ 87.21 ਫੀਸਦ ਫਾਰਮ ਕਲੈਕਸ਼ਨ ਦਰਜ ਹੋਇਆ। ਵਿਧਾਨ ਸਭਾ ਹਲਕਿਆਂ ਵਿੱਚ ਬੁਢਲਾਡਾ ਨੇ ਸਭ ਤੋਂ ਵੱਧ 96.94 ਫੀਸਦ ਕਲੈਕਸ਼ਨ ਦਰਜ ਕੀਤਾ।ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 13 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਸੂਚੀ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਹ 13 ਅਗਸਤ ਤੋਂ 12 ਸਤੰਬਰ ਤੱਕ ਫਾਰਮ ਨੰਬਰ 6 ਰਾਹੀਂ ਆਨਲਾਈਨ ਜਾਂ ਦਸਤੀ ਤੌਰ ’ਤੇ ਦਾਅਵਾ ਪੇਸ਼ ਕਰ ਸਕਦਾ ਹੈ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਹੋਵੇਗੀ।ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ 93.40 ਫੀਸਦ ਵੋਟਰਾਂ ਦੀ 2003 ਜਾਂ ਇਸ ਤੋਂ ਪਿਛਲੀ ਐਸਆਈਆਰ ਵੋਟਰ ਸੂਚੀਆਂ ਨਾਲ ਮੈਪਿੰਗ ਕੀਤੀ ਜਾ ਚੁੱਕੀ ਹੈ। ਅਣ-ਮੈਪਡ ਵੋਟਰਾਂ ਨੂੰ 13 ਅਗਸਤ ਤੋਂ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।ਐਸਆਈਆਰ-2026 ਤਹਿਤ ਪੰਜਾਬ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਵੀ ਕੀਤੀ ਗਈ ਹੈ। ਇਸ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ। ਹਰ ਪੋਲਿੰਗ ਬੂਥ ਦੀ ਭੌਤਿਕ ਤਸਦੀਕ ਕਰਕੇ ਘੱਟੋ-ਘੱਟ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ। ਇਸ ਦਾ ਉਦੇਸ਼ ਵੋਟਰਾਂ ਲਈ ਵਧੇਰੇ ਪਹੁੰਚ ਅਤੇ ਸੁਵਿਧਾ ਯਕੀਨੀ ਬਣਾਉਣਾ ਅਤੇ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH