
ਚੰਡੀਗੜ੍ਹ, 03 ਅਗਸਤ (ਹਿੰ.ਸ.)| ਸੁਜਾਨਪੁਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਦੀ ਸਾਲਾਂ ਪੁਰਾਣੀ ਮੰਗ ਆਖ਼ਿਰਕਾਰ ਪੂਰੀ ਹੋ ਗਈ ਹੈ। ਸੁਜਾਨਪੁਰ-ਜੁਗਿਆਲ ਸੰਪਰਕ ਸੜਕ ਦੇ ਨਵੇਂ ਨਿਰਮਾਣ ਕਾਰਜ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਸ ਮਹੱਤਵਪੂਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਤਹਿਤ ਬਣਨ ਵਾਲੀ 8.9 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ ’ਤੇ 10.40 ਕਰੋੜ ਰੁਪਏ ਦੀ ਲਾਗਤ ਆਵੇਗੀ।ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਜਾਨਪੁਰ-ਜੁਗਿਆਲ ਸੜਕ ਇਲਾਕੇ ਦੀ ਇੱਕ ਮਹੱਤਵਪੂਰਨ ਲਾਈਫਲਾਈਨ ਹੈ, ਜੋ ਕਈ ਅਹਿਮ ਪਿੰਡਾਂ ਅਤੇ ਸਰਹੱਦੀ ਇਲਾਕਿਆਂ ਨੂੰ ਆਪਸ ਵਿੱਚ ਜੋੜਦੀ ਹੈ। ਸੜਕ ਦੀ ਖ਼ਰਾਬ ਹਾਲਤ ਕਾਰਨ ਲੰਬੇ ਸਮੇਂ ਤੋਂ ਪਿੰਡ ਵਾਸੀਆਂ, ਸਕੂਲੀ ਬੱਚਿਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਤਰਜੀਹ ਦਿੰਦਿਆਂ ਕੇਂਦਰ ਅਤੇ ਸੂਬਾ ਪੱਧਰ ’ਤੇ ਲਗਾਤਾਰ ਯਤਨ ਕੀਤੇ ਗਏ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 10.40 ਕਰੋੜ ਰੁਪਏ ਦਾ ਬਜਟ ਮਨਜ਼ੂਰ ਕਰਵਾਉਣ ਤੋਂ ਬਾਅਦ ਹੁਣ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਕਰੀਬ 35 ਤੋਂ 40 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।ਸਮਾਗਮ ਦੀ ਪ੍ਰਧਾਨਗੀ ਕਰ ਰਹੇ ਵਿਧਾਇਕ ਨਰੇਸ਼ ਪੁਰੀ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਨਾਲ ਲੋਕਾਂ ਦਾ ਸਫ਼ਰ ਸੁਖਾਲਾ ਹੋਵੇਗਾ ਅਤੇ ਹਾਦਸਿਆਂ ਵਿੱਚ ਵੀ ਕਮੀ ਆਵੇਗੀ। ਵਿਧਾਇਕ ਨੇ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦੇ ਨਿਰਮਾਣ ਵਿੱਚ ਸਮੱਗਰੀ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH