ਬਰਨਾਲਾ ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਦੋ ਚੋਰਾਂ ਸਮੇਤ ਕਬਾੜੀਆ ਗ੍ਰਿਫ਼ਤਾਰ
ਬਰਨਾਲਾ, 30 ਅਗਸਤ (ਹਿੰ.ਸ.)| ਸਥਾਨਕ ਪੁਲਿਸ ਨੇ ਗ੍ਰੀਨ ਐਵੇਨਿਊ ਕਾਲੋਨੀ ਵਿੱਚ ਉਸਾਰੀ ਅਧੀਨ ਮਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਸ਼ਾਤਿਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਇੱਕ ਕਬਾੜੀਏ ਸ
ਪੁਲਿਸ ਹਿਰਾਸਤ ’ਚ ਮੁਲਜ਼ਮ।


ਬਰਨਾਲਾ, 30 ਅਗਸਤ (ਹਿੰ.ਸ.)| ਸਥਾਨਕ ਪੁਲਿਸ ਨੇ ਗ੍ਰੀਨ ਐਵੇਨਿਊ ਕਾਲੋਨੀ ਵਿੱਚ ਉਸਾਰੀ ਅਧੀਨ ਮਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਸ਼ਾਤਿਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਇੱਕ ਕਬਾੜੀਏ ਸਮੇਤ ਕੁੱਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਤਾਂਬਾ ਅਤੇ ਬਿਜਲੀ ਦੀਆਂ ਤਾਰਾਂ ਬਰਾਮਦ ਹੋਈਆਂ ਹਨ।

ਥਾਣਾ ਸਿਟੀ-2 ਬਰਨਾਲਾ ਦੇ ਇੰਚਾਰਜ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸ਼ਿਕਾਇਤਕਰਤਾ ਕੁਲਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਤੁਰੰਤ ਕੀਤੀ ਗਈ। ਕੁਲਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਗ੍ਰੀਨ ਐਵੇਨਿਊ ਕਾਲੋਨੀ ਫੇਜ਼-2 ਵਿੱਚ ਸਥਿਤ ਉਨ੍ਹਾਂ ਦੇ ਉਸਾਰੀ ਅਧੀਨ ਮਕਾਨ ਅਤੇ ਗੁਆਂਢੀ ਜਗਦੀਪ ਕੁਮਾਰ ਉਰਫ਼ ਹੈਪੀ ਦੇ ਮਕਾਨ ਵਿੱਚੋਂ ਅਣਪਛਾਤੇ ਚੋਰ ਬਿਜਲੀ ਦੀ ਫਿਟਿੰਗ ਵਾਲੀਆਂ ਤਾਰਾਂ ਅਤੇ ਏਸੀ ਦੀਆਂ ਤਾਂਬੇ ਦੀਆਂ ਪਾਈਪਾਂ ਚੋਰੀ ਕਰਕੇ ਲੈ ਗਏ ਸਨ।

ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਰਵੀ ਕੁਮਾਰ, ਮੂਲ ਵਾਸੀ ਬੇਗੂਸਰਾਏ ਅਤੇ ਮੌਜੂਦਾ ਵਾਸੀ ਸੇਖਾ ਰੋਡ, ਬਰਨਾਲਾ, ਅਤੇ ਮੰਨੂ, ਮੂਲ ਵਾਸੀ ਬਾਰਬੀਘਾ ਅਤੇ ਮੌਜੂਦਾ ਵਾਸੀ ਹਨੂਮਾਨ ਮੰਦਰ ਨੇੜੇ, ਬਰਨਾਲਾ ਵਜੋਂ ਹੋਈ ਹੈ।

ਪੁਲਿਸ ਪੁੱਛਗਿੱਛ ਦੌਰਾਨ ਦੋਵਾਂ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਹ ਚੋਰੀ ਕੀਤਾ ਸਮਾਨ ਕੱਚਾ ਕਾਲਜ ਰੋਡ ’ਤੇ ਦੁਕਾਨ ਚਲਾਉਣ ਵਾਲੇ ਕਬਾੜੀਆ ਸੀਤਾਰਾਮ, ਵਾਸੀ ਪਟੇਲ ਨਗਰ, ਬਰਨਾਲਾ ਨੂੰ ਵੇਚਦੇ ਸਨ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕਬਾੜੀ ਸੀਤਾਰਾਮ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 9 ਕਿਲੋ 800 ਗ੍ਰਾਮ ਤਾਂਬਾ ਅਤੇ 6 ਕਿਲੋ 500 ਗ੍ਰਾਮ ਵੱਖ-ਵੱਖ ਰੰਗਾਂ ਦੀਆਂ ਬਿਜਲੀ ਦੀਆਂ ਤਾਰਾਂ ਬਰਾਮਦ ਕੀਤੀਆਂ ਹਨ।

ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਰਵੀ ਕੁਮਾਰ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਉਸ ਖ਼ਿਲਾਫ਼ ਚੋਰੀ ਅਤੇ ਆਬਕਾਰੀ ਐਕਟ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਲਾਕੇ ਵਿੱਚ ਹੋਈਆਂ ਹੋਰ ਚੋਰੀ ਦੀਆਂ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande