
ਫਾਜ਼ਿਲਕਾ, 30 ਅਗਸਤ (ਹਿੰ.ਸ.)| ਫਾਜ਼ਿਲਕਾ ਦੇ ਸੈਣੀਆਂ ਰੋਡ ’ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੇੜੇ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਨਹਿਰ ਵਿੱਚ ਲਾਸ਼ ਤੈਰਦੀ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ।
ਪੁਲਿਸ ਨੇ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
ਮੌਕੇ ’ਤੇ ਮੌਜੂਦ ਰਵੀ ਕੁਮਾਰ ਨੇ ਦੱਸਿਆ ਕਿ ਉਸ ਦਾ ਦੋਸਤ ਧਾਰਮਿਕ ਸਮੱਗਰੀ ਜਲ ਪ੍ਰਵਾਹ ਕਰਨ ਲਈ ਸੈਣੀਆਂ ਰੋਡ ਸਥਿਤ ਨਹਿਰ ’ਤੇ ਆਇਆ ਸੀ। ਇਸ ਦੌਰਾਨ ਉਸ ਨੇ ਪਾਣੀ ਵਿੱਚ ਇੱਕ ਵਿਅਕਤੀ ਦੀ ਲਾਸ਼ ਤੈਰਦੀ ਦੇਖੀ ਅਤੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ।
ਰਵੀ ਕੁਮਾਰ ਮੌਕੇ ’ਤੇ ਪਹੁੰਚਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਰਵੀ ਕੁਮਾਰ ਮੁਤਾਬਕ ਮ੍ਰਿਤਕ ਦੇ ਹੱਥ ’ਤੇ ਰੱਖੜੀ ਬੰਨ੍ਹੀ ਹੋਈ ਮਿਲੀ ਹੈ। ਇਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਜ਼ਿਆਦਾ ਪੁਰਾਣੀ ਨਹੀਂ ਹੋ ਸਕਦੀ। ਹਾਲਾਂਕਿ ਵਿਅਕਤੀ ਕਿੰਨੇ ਸਮੇਂ ਤੋਂ ਨਹਿਰ ਦੇ ਪਾਣੀ ਵਿੱਚ ਸੀ, ਇਸ ਬਾਰੇ ਪੋਸਟਮਾਰਟਮ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਥਾਣਾ ਸਦਰ ਫਾਜ਼ਿਲਕਾ ਦੇ ਐਸਐਚਓ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 50 ਸਾਲ ਹੋਣ ਦਾ ਅੰਦਾਜ਼ਾ ਹੈ। ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਸ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH