
ਚੰਡੀਗੜ੍ਹ, 30 ਅਗਸਤ (ਹਿੰ.ਸ.)| ਪੰਜਾਬ ਦੇ ਉਦਯੋਗਿਕ ਈਕੋਸਿਸਟਮ ਅਤੇ ਸੂਬੇ ਦੀਆਂ ਵਿਸ਼ਵ ਪੱਧਰੀ ਨਿਰਮਾਣ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਨੈਸ਼ਨਲ ਟੈਸਟ ਹਾਊਸ (ਐਨਟੀਐਚ) ਨਾਲ ਭਾਈਵਾਲੀ ਕੀਤੀ ਹੈ। ਇਸ ਪਹਿਲਕਦਮੀ ਤਹਿਤ ਸੂਬੇ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਦੇ ਨੇੜੇ ਵਿਸ਼ਵ ਪੱਧਰੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਉਦਯੋਗਾਂ ਦੀ ਕੰਪਲਾਇੰਸ ਲਾਗਤ ਅਤੇ ਉਤਪਾਦਾਂ ਦੀ ਟੈਸਟਿੰਗ ਵਿੱਚ ਲੱਗਣ ਵਾਲਾ ਸਮਾਂ ਘਟੇਗਾ ਅਤੇ ਐਮਐਸਐਮਈਜ਼ ਤੇ ਨਿਰਯਾਤਕਾਂ ਨੂੰ ਵੱਡਾ ਲਾਭ ਮਿਲੇਗਾ।
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਅਤੇ ਐਨਟੀਐਚ ਦਰਮਿਆਨ ਇਹ ਭਾਈਵਾਲੀ ਬੈਂਗਲੁਰੂ ਵਿੱਚ ਐਨਟੀਐਚ ਦੇ 115ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਹੋਈ। ਸਮਝੌਤੇ ਨਾਲ ਸਬੰਧਤ ਦਸਤਾਵੇਜ਼ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਐਨਟੀਐਚ ਦੇ ਡਾਇਰੈਕਟਰ ਜਨਰਲ ਡਾ. ਆਲੋਕ ਕੁਮਾਰ ਸ੍ਰੀਵਾਸਤਵ ਨੇ ਆਪਸ ਵਿੱਚ ਸਾਂਝੇ ਕੀਤੇ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਐਮਐਸਐਮਈਜ਼ ਅਤੇ ਨਿਰਯਾਤਕ ਗੁਣਵੱਤਾ ਦੇ ਆਧਾਰ ’ਤੇ ਵਿਸ਼ਵ ਪੱਧਰੀ ਬਾਜ਼ਾਰਾਂ ਵਿੱਚ ਆਪਣੀ ਪਹੁੰਚ ਹੋਰ ਵਧਾ ਸਕਣਗੇ। ਉਦਯੋਗਿਕ ਕਲੱਸਟਰਾਂ ਦੇ ਨੇੜੇ ਅਤਿ-ਆਧੁਨਿਕ ਟੈਸਟਿੰਗ ਸਹੂਲਤਾਂ ਉਪਲਬਧ ਹੋਣ ਨਾਲ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਾਲ ਨਿਯਮਾਂ ਦੀ ਪਾਲਣਾ ਨਾਲ ਜੁੜੀਆਂ ਲਾਗਤਾਂ ਵੀ ਘਟਣਗੀਆਂ।
ਸਮਝੌਤੇ ਤਹਿਤ ਨਾਰਥਨ ਇੰਡੀਅਨ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਐਨਆਈਆਈਐਫਟੀ), ਜਲੰਧਰ ਵਿਖੇ ਐਨਟੀਐਚ ਦੀ ਅਤਿ-ਆਧੁਨਿਕ ਲੈਬ ਸਥਾਪਤ ਕੀਤੀ ਜਾਵੇਗੀ। ਇਹ ਲੈਬ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਉਦਯੋਗਿਕ ਕੇਂਦਰਾਂ ਨੂੰ ਟੈਸਟਿੰਗ ਸੇਵਾਵਾਂ ਪ੍ਰਦਾਨ ਕਰੇਗੀ।
ਇਸ ਸਹੂਲਤ ਰਾਹੀਂ ਖੇਡਾਂ ਦਾ ਸਮਾਨ, ਟੈਕਸਟਾਈਲ, ਚਮੜਾ, ਹੈਂਡ ਟੂਲਜ਼, ਆਟੋ ਕੰਪੋਨੈਂਟਸ ਅਤੇ ਫੂਡ ਪ੍ਰੋਸੈਸਿੰਗ ਸਮੇਤ ਕਈ ਪ੍ਰਮੁੱਖ ਉਦਯੋਗਿਕ ਖੇਤਰਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।
ਅਮਨ ਅਰੋੜਾ ਨੇ ਦੱਸਿਆ ਕਿ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਐਨਟੀਐਚ ਨੇ ਡਰੋਨ ਸਰਟੀਫਿਕੇਸ਼ਨ, ਈਵੀ ਬੈਟਰੀ ਟੈਸਟਿੰਗ ਅਤੇ ਆਰਗੈਨਿਕ ਫੂਡ ਟੈਸਟਿੰਗ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਵੀ ਆਪਣੀ ਮੁਹਾਰਤ ਵਿਕਸਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਐਨਟੀਐਚ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਟੈਸਟਿੰਗ ਸਮਰੱਥਾ ਪੰਜਾਬ ਦੇ ਨਿਰਮਾਣ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਮਜ਼ਬੂਤ ਟੈਸਟਿੰਗ ਈਕੋਸਿਸਟਮ ਵਿਕਸਤ ਕਰਨ ਦੀ ਦਿਸ਼ਾ ਵਿੱਚ ਇਹ ਕਦਮ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਇਸ ਭਾਈਵਾਲੀ ਨਾਲ ਨਿਰਯਾਤ-ਮੁਖੀ ਇਕਾਈਆਂ ਅਤੇ ਐਮਐਸਐਮਈਜ਼ ਨੂੰ ਕੌਮਾਂਤਰੀ ਗੁਣਵੱਤਾ ਮਾਪਦੰਡਾਂ ’ਤੇ ਖਰਾ ਉਤਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਐਨਟੀਐਚ ਦੀ ਤਕਨੀਕੀ ਮੁਹਾਰਤ ਅਤੇ ਪੰਜਾਬ ਦੀ ਨਿਰਮਾਣ ਸਮਰੱਥਾ ਦਾ ਇਹ ਤਾਲਮੇਲ ਸੂਬੇ ਨੂੰ ਵਿਸ਼ਵ ਪੱਧਰ ’ਤੇ ਇੱਕ ਪਸੰਦੀਦਾ ਅਤੇ ਪ੍ਰਤੀਯੋਗੀ ਨਿਰਮਾਣ ਹੱਬ ਵਜੋਂ ਉਭਾਰਨ ਵਿੱਚ ਸਹਾਇਕ ਹੋਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH