
ਸੰਗਰੂਰ, 30 ਅਗਸਤ (ਹਿੰ.ਸ.)| ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੰਗਰੂਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ .315 ਬੋਰ ਦੀ ਦੇਸੀ ਪਿਸਤੌਲ, ਇੱਕ ਖਾਲੀ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਵੱਖ-ਵੱਖ ਥਾਵਾਂ ਤੋਂ ਕੀਤੀਆਂ ਗਈਆਂ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਬੰਟੀ, ਗੁਰਪ੍ਰੀਤ ਸਿੰਘ ਉਰਫ਼ ਖੁਰਪਾ, ਅੰਸ਼ ਕੁਮਾਰ, ਸੁਮਿਤ ਕੁਮਾਰ ਅਤੇ ਰਾਹੁਲ ਸਿੰਘ ਉਰਫ਼ ਦਮਨ ਵਜੋਂ ਹੋਈ ਹੈ। ਸਾਰੇ ਮੁਲਜ਼ਮ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਐਸਐਸਪੀ ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਕਈ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਰਿਕਾਰਡ ਮੁਤਾਬਕ ਗੁਰਪ੍ਰੀਤ ਸਿੰਘ ਉਰਫ਼ ਖੁਰਪਾ ਖ਼ਿਲਾਫ਼ ਕੁੱਟਮਾਰ, ਗੈਰ-ਇਰਾਦਤਨ ਕਤਲ ਅਤੇ ਐਨਡੀਪੀਐਸ ਐਕਟ ਤਹਿਤ 5 ਮਾਮਲੇ ਦਰਜ ਹਨ।
ਇਸੇ ਤਰ੍ਹਾਂ ਸੁਮਿਤ ਕੁਮਾਰ ਖ਼ਿਲਾਫ਼ ਸੰਗਰੂਰ ਅਤੇ ਪਟਿਆਲਾ ਵਿੱਚ ਲੜਾਈ-ਝਗੜੇ ਅਤੇ ਐਨਡੀਪੀਐਸ ਐਕਟ ਤਹਿਤ 3 ਮਾਮਲੇ ਦਰਜ ਹਨ। ਸਿਮਰਨਜੀਤ ਸਿੰਘ ਉਰਫ਼ ਬੰਟੀ ਖ਼ਿਲਾਫ਼ ਵੀ ਆਬਕਾਰੀ ਐਕਟ ਅਤੇ ਕੁੱਟਮਾਰ ਨਾਲ ਸਬੰਧਤ 2 ਮਾਮਲੇ ਪਹਿਲਾਂ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH