ਨਸ਼ਿਆਂ ਖ਼ਿਲਾਫ਼ ਜੰਗ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ’ਚ ਸ਼ੁਰੂਆਤੀ ਸੰਕੇਤ ਪਛਾਣਨ ’ਤੇ ਜ਼ੋਰ
ਚੰਡੀਗੜ੍ਹ, 31 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਸ਼ੁਰੂਆਤੀ ਸੰਕੇਤਾਂ ਦੀ ਪਛਾਣ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਉਦੇਸ਼ ਹੈ ਕਿ ਨੌਜ
ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 31 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਸ਼ੁਰੂਆਤੀ ਸੰਕੇਤਾਂ ਦੀ ਪਛਾਣ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਉਦੇਸ਼ ਹੈ ਕਿ ਨੌਜਵਾਨਾਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇ ਅਤੇ ਕਦੇ-ਕਦਾਈਂ ਨਸ਼ਿਆਂ ਦੀ ਵਰਤੋਂ ਅੱਗੇ ਚੱਲ ਕੇ ਨਿਰਭਰਤਾ ਜਾਂ ਲਤ ਦਾ ਰੂਪ ਨਾ ਧਾਰ ਲਵੇ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਦੇ ਵਿਹਾਰ ਵਿੱਚ ਆਉਣ ਵਾਲੀਆਂ ਚਿੰਤਾਜਨਕ ਤਬਦੀਲੀਆਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਸੰਵੇਦਨਸ਼ੀਲ ਢੰਗ ਨਾਲ ਦਖ਼ਲ ਦੇਣਾ ਚਾਹੀਦਾ ਹੈ।

ਮਾਹਿਰਾਂ ਮੁਤਾਬਕ ਨਸ਼ਿਆਂ ਦੀ ਲਤ ਹਮੇਸ਼ਾ ਕਿਸੇ ਵੱਡੇ ਜਾਂ ਸਪੱਸ਼ਟ ਸੰਕੇਤ ਨਾਲ ਸ਼ੁਰੂ ਨਹੀਂ ਹੁੰਦੀ। ਬੱਚੇ ਦਾ ਅਚਾਨਕ ਵਿਹਾਰ ਬਦਲਣਾ, ਨਵੇਂ ਦੋਸਤ ਬਣਾਉਣਾ, ਪੁਰਾਣੇ ਦੋਸਤਾਂ ਅਤੇ ਸ਼ੌਕਾਂ ਤੋਂ ਦੂਰ ਹੋਣਾ, ਗੁਪਤ ਵਿਹਾਰ ਕਰਨਾ ਜਾਂ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਕਮਰੇ ਜਾਂ ਬਾਥਰੂਮ ਵਿੱਚ ਬੰਦ ਰੱਖਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ।

ਇਸ ਤੋਂ ਇਲਾਵਾ ਗੁੱਸੇ ਵਿੱਚ ਵਾਧਾ, ਭਾਵਨਾਤਮਕ ਉਤੇਜਨਾ, ਸਕੂਲ ਤੋਂ ਵਾਰ-ਵਾਰ ਸ਼ਿਕਾਇਤਾਂ ਆਉਣਾ, ਨੀਂਦ ਦੇ ਸਮੇਂ ਵਿੱਚ ਅਚਾਨਕ ਤਬਦੀਲੀ ਅਤੇ ਬਿਨਾਂ ਕਾਰਨ ਵਾਰ-ਵਾਰ ਪੈਸੇ ਮੰਗਣਾ ਵੀ ਧਿਆਨ ਦੇਣ ਯੋਗ ਸੰਕੇਤ ਹਨ। ਨਿੱਜੀ ਸਫ਼ਾਈ ਪ੍ਰਤੀ ਲਾਪਰਵਾਹੀ, ਭੁੱਖ ਘਟਣਾ, ਭਾਰ ਘਟਣਾ ਅਤੇ ਖਾਣ-ਪੀਣ ਦੀਆਂ ਆਦਤਾਂ ਬਦਲਣਾ ਵੀ ਚੇਤਾਵਨੀ ਹੋ ਸਕਦੇ ਹਨ।

ਸਰੀਰਕ ਸੰਕੇਤਾਂ ਵਿੱਚ ਅੱਖਾਂ ਦਾ ਲਾਲ ਜਾਂ ਬੇਜਾਨ ਦਿਖਾਈ ਦੇਣਾ, ਪੁਤਲੀਆਂ ਦੇ ਆਕਾਰ ਵਿੱਚ ਤਬਦੀਲੀ, ਬਹੁਤ ਜ਼ਿਆਦਾ ਸੁਸਤੀ, ਬੇਚੈਨੀ, ਹੱਥ-ਪੈਰ ਕੰਬਣਾ, ਬੋਲਣ ਵਿੱਚ ਅਸਪੱਸ਼ਟਤਾ ਅਤੇ ਸਰੀਰਕ ਤਾਲਮੇਲ ਵਿੱਚ ਕਮੀ ਸ਼ਾਮਲ ਹੋ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਇੱਕ ਸੰਕੇਤ ਦੇ ਆਧਾਰ ’ਤੇ ਨਸ਼ਿਆਂ ਦੀ ਵਰਤੋਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਜੇਕਰ ਕਈ ਤਬਦੀਲੀਆਂ ਇਕੱਠੀਆਂ ਨਜ਼ਰ ਆਉਣ ਅਤੇ ਬੱਚਾ ਲਗਾਤਾਰ ਅਲੱਗ-ਥਲੱਗ ਰਹਿਣ ਲੱਗੇ ਜਾਂ ਬਹੁਤ ਜ਼ਿਆਦਾ ਗੁਪਤ ਵਿਹਾਰ ਕਰੇ, ਤਾਂ ਮਾਪਿਆਂ ਨੂੰ ਮਾਹਿਰ ਦੀ ਸਲਾਹ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਸੰਗਰੂਰ ਦੇ ਜ਼ਿਲ੍ਹਾ ਨੋਡਲ ਮਨੋਚਿਕਿਤਸਕ ਡਾ. ਈਸ਼ਾਨ ਪ੍ਰਕਾਸ਼ ਨੇ ਕਿਹਾ ਕਿ ਮਦਦ ਲੈਣ ਲਈ ਪੱਕੇ ਸਬੂਤ ਦੀ ਉਡੀਕ ਕਰਨਾ ਜ਼ਰੂਰੀ ਨਹੀਂ। ਉਨ੍ਹਾਂ ਕਿਹਾ ਕਿ ‘ਲੋਕ ਕੀ ਕਹਿਣਗੇ’ ਦਾ ਡਰ ਨੌਜਵਾਨਾਂ ਨੂੰ ਸਮੇਂ ਸਿਰ ਸਹਾਇਤਾ ਮਿਲਣ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ।

ਮਾਹਿਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੱਚੇ ਨੂੰ ਝਿੜਕਣ ਜਾਂ ਦੋਸ਼ ਦੇਣ ਦੀ ਬਜਾਏ ਸ਼ਾਂਤ ਮਾਹੌਲ ਵਿੱਚ ਗੱਲਬਾਤ ਕੀਤੀ ਜਾਵੇ। ਖੁੱਲ੍ਹੇ ਸਵਾਲ ਪੁੱਛਣ, ਬੱਚੇ ਦੀ ਗੱਲ ਧਿਆਨ ਨਾਲ ਸੁਣਨ ਅਤੇ ਉਸਦੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਨਸ਼ਿਆਂ ਦੀ ਵਰਤੋਂ ਦਾ ਸ਼ੱਕ ਹੋਵੇ ਤਾਂ ਧਮਕਾਉਣ ਜਾਂ ਸ਼ਰਮਿੰਦਾ ਕਰਨ ਦੀ ਬਜਾਏ ਮਾਹਿਰਾਂ ਦੀ ਮਦਦ ਲੈਣੀ ਵਧੇਰੇ ਪ੍ਰਭਾਵਸ਼ਾਲੀ ਰਹੇਗੀ। ਸਰਕਾਰ ਵੱਲੋਂ ਪਰਿਵਾਰਾਂ ਨੂੰ ਮਾਨਸਿਕ ਸਿਹਤ ਸਬੰਧੀ ਮਾਹਿਰ ਮਾਰਗਦਰਸ਼ਨ ਲਈ ਟੈਲੀ-ਮਾਨਸ ਹੈਲਪਲਾਈਨ 1800-89-14416 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande