
ਪਟਿਆਲਾ, 04 ਅਗਸਤ (ਹਿੰ.ਸ.)| ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਬਾਹਰੀ ਸੰਸਥਾ ਅਤੇ ਕੰਟਰੈਕਟ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ ਲਈ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੀ ਮੌਜੂਦਾ ਤਨਖਾਹ ਵਿੱਚ 20 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ‘ਪੀਆਰਟੀਸੀ ਕੰਟਰੈਕਟ ਵਰਕਰਜ਼ ਅਜ਼ਾਦ ਯੂਨੀਅਨ 31/7’ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ।
ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਲੰਬੇ ਸਮੇਂ ਤੋਂ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਚੇਅਰਮੈਨ ਹਰਪਾਲ ਜੁਨੇਜਾ ਨਾਲ ਮੁਲਾਕਾਤ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਚੇਅਰਮੈਨ ਨੇ ਦੱਸਿਆ ਕਿ 15 ਸਤੰਬਰ 2021 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਮੌਜੂਦਾ ਤਨਖਾਹ ਵਿੱਚ 20 ਫ਼ੀਸਦੀ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਸੋਚ ਇਮਾਨਦਾਰ ਅਤੇ ਲੋਕ-ਪੱਖੀ ਹੈ। ਸਰਕਾਰ ਹਰੇਕ ਕੱਚੇ ਅਤੇ ਕੰਟਰੈਕਟ ਮੁਲਾਜ਼ਮ ਨੂੰ ਉਸ ਦਾ ਬਣਦਾ ਹੱਕ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਵੀ ਮੁਲਾਜ਼ਮਾਂ ਦੇ ਭਵਿੱਖ ਪ੍ਰਤੀ ਸਕਾਰਾਤਮਕ ਸੋਚ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਤੇ ਸਹਿਯੋਗ ਨਾਲ ਵਿਭਾਗ ਦੇ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ।
ਚੇਅਰਮੈਨ ਨੇ ਦੱਸਿਆ ਕਿ ਤਨਖਾਹ ਵਾਧੇ ਸਬੰਧੀ ਮਾਮਲਾ ਪੀਆਰਟੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ। ਬੋਰਡ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਤਨਖਾਹ ਵਾਧੇ ਨੂੰ ਨਿਯਮਾਂ ਅਨੁਸਾਰ ਲਾਗੂ ਕਰਨ ਦੀ ਪ੍ਰਕਿਰਿਆ ਸਬੰਧੀ ਪੱਤਰ ਵੀ ਸਬੰਧਤ ਕਰਮਚਾਰੀਆਂ ਨੂੰ ਸੌਂਪ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਇਨ੍ਹਾਂ ਕਾਮਿਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਮਿਹਨਤ ਅਤੇ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮੁਲਾਜ਼ਮਾਂ ਦੇ ਜਾਇਜ਼ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਤਨਖਾਹ ਵਿੱਚ 20 ਫ਼ੀਸਦੀ ਵਾਧਾ ਕਰਨ ਲਈ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪੀਆਰਟੀਸੀ ਦੇ ਜਨਰਲ ਮੈਨੇਜਰ ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰੇਵਾਲ ਤੋਂ ਇਲਾਵਾ ਯੂਨੀਅਨ ਆਗੂ ਗੁਰਧਿਆਨ ਸਿੰਘ, ਜਾਨਪਾਲ ਸਿੰਘ, ਬੁੱਬੂ ਸ਼ਰਮਾ, ਦਰਸ਼ਨ ਸਿੰਘ, ਰਣਜੀਤ ਸਿੰਘ ਅਤੇ ਹੋਰ ਨੁਮਾਇੰਦੇ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH