
ਡੇਰਾਬੱਸੀ, 04 ਅਗਸਤ (ਹਿੰ.ਸ.)| ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 66 ਕੇ.ਵੀ. ਹਰੀਪੁਰ ਕੂੜਾ ਗਰਿੱਡ ਵਿਖੇ ਕਰੀਬ 3.35 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਨਵੇਂ 20 ਐਮਵੀਏ (66/11 ਕੇ.ਵੀ.) ਪਾਵਰ ਟਰਾਂਸਫਾਰਮਰ ਦਾ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਨਿਰਵਿਘਨ ਅਤੇ ਗੁਣਵੱਤਾ ਭਰਪੂਰ ਬਿਜਲੀ ਸਪਲਾਈ ਮਿਲ ਸਕੇ।ਵਿਧਾਇਕ ਰੰਧਾਵਾ ਨੇ ਦੱਸਿਆ ਕਿ ਗਰਿੱਡ ਵਿੱਚ ਪਹਿਲਾਂ ਤੋਂ ਮੌਜੂਦ 20 ਐਮਵੀਏ ਟਰਾਂਸਫਾਰਮਰ ਦੇ ਨਾਲ ਇੱਕ ਹੋਰ 20 ਐਮਵੀਏ ਟਰਾਂਸਫਾਰਮਰ ਲੱਗਣ ਨਾਲ ਗਰਿੱਡ ਦੀ ਕੁੱਲ ਸਮਰੱਥਾ 20 ਤੋਂ ਵਧ ਕੇ 40 ਐਮਵੀਏ ਹੋ ਗਈ ਹੈ। ਇਸ ਨਾਲ ਖੇਤਰ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ।ਉਨ੍ਹਾਂ ਕਿਹਾ ਕਿ ਨਵੇਂ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਮੌਜੂਦਾ ਟਰਾਂਸਫਾਰਮਰ 'ਤੇ ਪੈਣ ਵਾਲਾ ਲੋਡ ਘਟੇਗਾ, ਜਿਸ ਨਾਲ ਇਸ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਵਿੱਚ ਸੁਧਾਰ ਆਵੇਗਾ। ਇਸ ਦੇ ਨਾਲ ਹੀ 11 ਕੇ.ਵੀ. ਫੀਡਰਾਂ 'ਤੇ ਲੱਗਣ ਵਾਲੇ ਰੋਟੇਸ਼ਨਲ ਬਿਜਲੀ ਕੱਟਾਂ ਵਿੱਚ ਵੀ ਕਮੀ ਆਵੇਗੀ ਅਤੇ ਖਪਤਕਾਰਾਂ ਨੂੰ ਵਧੇਰੇ ਭਰੋਸੇਯੋਗ ਬਿਜਲੀ ਸਪਲਾਈ ਮਿਲੇਗੀ।ਵਿਧਾਇਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਵੋਲਟੇਜ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਜਿਸ ਦਾ ਲਾਭ ਘਰੇਲੂ, ਵਪਾਰਕ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਨੂੰ ਮਿਲੇਗਾ। ਵਧੀ ਹੋਈ ਸਮਰੱਥਾ ਭਵਿੱਖ ਵਿੱਚ ਨਵੇਂ ਬਿਜਲੀ ਕੁਨੈਕਸ਼ਨਾਂ ਅਤੇ ਉਦਯੋਗਿਕ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਵੀ ਸਹਾਇਕ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇੱਕ ਟਰਾਂਸਫਾਰਮਰ ਵਿੱਚ ਤਕਨੀਕੀ ਖਰਾਬੀ ਜਾਂ ਮੁਰੰਮਤ ਦੀ ਲੋੜ ਪੈਂਦੀ ਹੈ ਤਾਂ ਦੂਜਾ ਟਰਾਂਸਫਾਰਮਰ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖੇਗਾ। ਇਸ ਨਾਲ ਬਿਜਲੀ ਵੰਡ ਪ੍ਰਣਾਲੀ ਦੀ ਭਰੋਸੇਯੋਗਤਾ ਵਧੇਗੀ ਅਤੇ ਤਕਨੀਕੀ ਨੁਕਸਾਨ ਵੀ ਘੱਟ ਹੋਣਗੇ।ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਵਿੱਚ 20 ਐਮਵੀਏ ਪਾਵਰ ਟਰਾਂਸਫਾਰਮਰ ਦੇ ਨਾਲ 66 ਕੇ.ਵੀ. ਅਤੇ 11 ਕੇ.ਵੀ. ਬੇਅ, ਪ੍ਰੋਟੈਕਸ਼ਨ ਸਿਸਟਮ, ਸਿਵਲ ਵਰਕ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ ਦੇ ਸਾਰੇ ਕੰਮ ਸ਼ਾਮਲ ਹਨ। ਸਮਾਗਮ ਦੌਰਾਨ ਕੌਂਸਲਰ ਕਿਰਨ, ਮਾਸਟਰ ਕਰਮ ਸਿੰਘ, ਨਰੇਸ਼ ਉਪਨੇਜਾ, ਪਿੰਡ ਵਾਸੀਆਂ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH