
ਚੰਡੀਗੜ੍ਹ, 04 ਅਗਸਤ (ਹਿੰ.ਸ.)| ਹਰਿਆਣਾ ਸਰਕਾਰ ਨੇ ਖਪਤਕਾਰਾਂ ਨੂੰ ਮਿਲਾਵਟੀ ਅਤੇ ਘਟੀਆ ਖ਼ਾਧ ਪਦਾਰਥਾਂ ਤੋਂ ਬਚਾਉਣ ਲਈ ਵੱਡਾ ਕਦਮ ਚੁੱਕਿਆ ਹੈ। ਰਾਜ ਸਰਕਾਰ ਪੰਜ 'ਫੂਡ ਸੇਫਟੀ ਆਨ ਵ੍ਹੀਲਜ਼' ਮੋਬਾਈਲ ਪ੍ਰਯੋਗਸ਼ਾਲਾਵਾਂ ਨੂੰ ਮੁੜ ਚਾਲੂ ਕਰਨ ਦੇ ਨਾਲ-ਨਾਲ 28 ਨਵੀਆਂ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀ (ਐੱਮ.ਐੱਫ਼.ਟੀ.ਐੱਲ.) ਵੈਨਾਂ ਵੀ ਸ਼ਾਮਲ ਕਰੇਗੀ। ਇਸ ਪਹਿਲ ਨਾਲ ਹੁਣ ਲੋਕ ਸਿਰਫ਼ 20 ਰੁਪਏ ਪ੍ਰਤੀ ਨਮੂਨਾ ਦੇ ਕੇ ਆਪਣੇ ਇਲਾਕੇ ਵਿੱਚ ਹੀ ਖ਼ਾਧ ਪਦਾਰਥਾਂ ਦੀ ਵਿਗਿਆਨਕ ਜਾਂਚ ਕਰਵਾ ਸਕਣਗੇ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਖ਼ਾਧ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਲੋਕਾਂ ਵਿੱਚ ਭਰੋਸਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ, ਕਰਨਾਲ, ਹਿਸਾਰ, ਸੋਨੀਪਤ ਅਤੇ ਰੇਵਾੜੀ ਵਿੱਚ ਮੌਜੂਦ ਪੰਜ ਮੋਬਾਈਲ ਲੈਬਾਂ ਦੀ ਮੁਰੰਮਤ ਅਤੇ ਆਧੁਨਿਕੀਕਰਨ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸੇਵਾ ਵਿੱਚ ਲਿਆਂਦਾ ਜਾਵੇਗਾ।ਇਹ ਮੋਬਾਈਲ ਲੈਬਾਂ ਤਿਉਹਾਰਾਂ, ਬਾਜ਼ਾਰਾਂ, ਸਕੂਲਾਂ, ਕਾਲਜਾਂ, ਮੇਲਿਆਂ ਅਤੇ ਵਿਸ਼ੇਸ਼ ਮੁਹਿੰਮਾਂ ਦੌਰਾਨ ਮੌਕੇ 'ਤੇ ਹੀ ਖ਼ਾਧ ਨਮੂਨਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੀਆਂ। ਵਾਹਨਾਂ ਵਿੱਚ ਆਧੁਨਿਕ ਟੈਸਟਿੰਗ ਉਪਕਰਣ, ਨਵੀਂ ਬਿਜਲੀ ਅਤੇ ਪਲੰਬਿੰਗ ਪ੍ਰਣਾਲੀ ਸਮੇਤ ਪੂਰਾ ਪ੍ਰਯੋਗਸ਼ਾਲਾ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ਪ੍ਰੋਜੈਕਟ 'ਤੇ ਕਰੀਬ 33.79 ਲੱਖ ਰੁਪਏ ਖਰਚ ਕੀਤੇ ਜਾਣਗੇ।ਇਸ ਤੋਂ ਇਲਾਵਾ, ਖ਼ਾਧ ਅਤੇ ਔਸ਼ਧੀ ਪ੍ਰਸ਼ਾਸਨ (ਐੱਫ਼.ਡੀ.ਏ.) ਵੱਲੋਂ ਐੱਨ.ਸੀ.ਆਰ. ਖੇਤਰ ਲਈ 28 ਨਵੀਆਂ ਮੋਬਾਈਲ ਫੂਡ ਟੈਸਟਿੰਗ ਵੈਨਾਂ ਖਰੀਦਣ ਦੀ ਪ੍ਰਕਿਰਿਆ ਵੀ ਅੰਤਿਮ ਪੜਾਅ ਵਿੱਚ ਹੈ। ਇਹ ਵੈਨਾਂ ਚਾਲੂ ਹੋਣ ਨਾਲ ਘਰ-ਬੂਹੇ ਤੱਕ ਖ਼ਾਧ ਜਾਂਚ ਸੇਵਾਵਾਂ ਦਾ ਹੋਰ ਵਿਸਥਾਰ ਹੋਵੇਗਾ ਅਤੇ ਖ਼ਾਧ ਸੁਰੱਖਿਆ ਅਤੇ ਮਿਆਰ ਐਕਟ, 2006 ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ।ਤੀਜ ਅਤੇ ਰੱਖੜੀ ਦੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਐੱਫ਼.ਡੀ.ਏ. ਨੇ ਘੇਵਰ ਅਤੇ ਫਿਰਨੀ ਵਿੱਚ ਮਿਲਾਵਟ ਰੋਕਣ ਲਈ ਵਿਸ਼ੇਸ਼ ਜਾਂਚ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ। 16 ਜੁਲਾਈ ਤੋਂ 2 ਅਗਸਤ ਤੱਕ ਰਾਜ ਭਰ ਵਿੱਚੋਂ 122 ਨਮੂਨੇ ਇਕੱਠੇ ਕੀਤੇ ਗਏ ਹਨ। ਹੁਣ ਤੱਕ ਜਾਂਚੇ ਗਏ 18 ਨਮੂਨਿਆਂ ਵਿੱਚੋਂ 15 ਸਹੀ ਪਾਏ ਗਏ ਹਨ, ਜਦਕਿ ਤਿੰਨ ਨਮੂਨੇ ਮਿਆਰਾਂ 'ਤੇ ਖਰੇ ਨਹੀਂ ਉਤਰੇ। ਬਾਕੀ ਨਮੂਨਿਆਂ ਦੀ ਜਾਂਚ ਜਾਰੀ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਗਿਆਨਕ ਜਾਂਚ, ਸਖ਼ਤ ਕਾਰਵਾਈ ਅਤੇ ਖਪਤਕਾਰ ਜਾਗਰੂਕਤਾ ਰਾਹੀਂ ਸੂਬੇ ਵਿੱਚ ਸੁਰੱਖਿਅਤ ਖ਼ਾਧ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH