ਪਟਿਆਲਾ ਅਨਾਜ ਮੰਡੀ ਵਿੱਚ ਅੱਜ 500 ਡਰੋਨਾਂ ਦਾ ਸ਼ਾਨਦਾਰ ਸ਼ੋਅ: ਮੰਤਰੀ ਡਾ. ਬਲਬੀਰ ਸਿੰਘ
ਪਟਿਆਲਾ, 10 ਸਤੰਬਰ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਤਹਿਤ 10 ਸਤੰਬਰ ਦੀ ਸ਼ਾਮ ਨੂੰ ਪਟਿਆਲਾ ਦੀ ਅਨਾਜ ਮੰਡੀ, ਸਰਹਿੰਦ ਰੋਡ ਵਿਖੇ ਵਿਸ਼ਾਲ ਡਰੋਨ ਸ਼ੋਅ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਪ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ


ਪਟਿਆਲਾ, 10 ਸਤੰਬਰ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਤਹਿਤ 10 ਸਤੰਬਰ ਦੀ ਸ਼ਾਮ ਨੂੰ ਪਟਿਆਲਾ ਦੀ ਅਨਾਜ ਮੰਡੀ, ਸਰਹਿੰਦ ਰੋਡ ਵਿਖੇ ਵਿਸ਼ਾਲ ਡਰੋਨ ਸ਼ੋਅ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਡਰੋਨ ਸ਼ੋਅ ਦੌਰਾਨ 500 ਡਰੋਨ ਅਸਮਾਨ ਵਿੱਚ ਰੌਸ਼ਨੀਆਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਮਨੁੱਖਤਾ ਪ੍ਰਤੀ ਦਿੱਤੇ ਸੰਦੇਸ਼ ਨੂੰ ਵੱਖ-ਵੱਖ ਰੂਪਾਂ ਵਿੱਚ ਪੇਸ਼ ਕਰਨਗੇ। ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਕਰਵਾਇਆ ਜਾਣ ਵਾਲਾ ਇਹ ਪ੍ਰਦਰਸ਼ਨ ਧਾਰਮਿਕ ਆਸਥਾ, ਸੱਭਿਆਚਾਰ ਅਤੇ ਤਕਨਾਲੋਜੀ ਦਾ ਵਿਲੱਖਣ ਸੁਮੇਲ ਹੋਵੇਗਾ।ਸਿਹਤ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਡਰੋਨ ਸ਼ੋਅ ਰਾਹੀਂ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਵਿੱਚ ਪਹੁੰਚਣ ਵਾਲੀ ਸੰਗਤ ਦੀ ਸਹੂਲਤ, ਸੁਰੱਖਿਆ ਅਤੇ ਆਵਾਜਾਈ ਸਮੇਤ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਬਿਨਾਂ ਕਿਸੇ ਮੁਸ਼ਕਲ ਦੇ ਡਰੋਨ ਸ਼ੋਅ ਦਾ ਆਨੰਦ ਮਾਣ ਸਕਣ।ਡਾ. ਬਲਬੀਰ ਸਿੰਘ ਨੇ ਹਲਕਾ ਪਟਿਆਲਾ ਦੀ ਸਮੂਹ ਸੰਗਤ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 10 ਸਤੰਬਰ ਦੀ ਸ਼ਾਮ ਆਪਣੇ ਪਰਿਵਾਰਾਂ ਸਮੇਤ ਸਰਹਿੰਦ ਰੋਡ ਸਥਿਤ ਅਨਾਜ ਮੰਡੀ ਵਿਖੇ ਪਹੁੰਚਣ ਅਤੇ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ।ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਡਰੋਨ ਸ਼ੋਅ ਸੰਗਤ ਲਈ ਯਾਦਗਾਰੀ ਅਨੁਭਵ ਹੋਵੇਗਾ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਵਿਸ਼ਾਲ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਵੀ ਸਹਾਇਕ ਸਾਬਿਤ ਹੋਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande