
ਫਾਜ਼ਿਲਕਾ, 12 ਸਤੰਬਰ (ਹਿੰ.ਸ.)| ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਸੇਫ ਸਕੂਲ ਵਾਹਨ ਟੀਮ ਵੱਲੋਂ ਸਕੂਲੀ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫਾਜ਼ਿਲਕਾ ਵਿੱਚ 4 ਅਤੇ ਅਬੋਹਰ ਵਿੱਚ 5 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਨਿਯਮਾਂ ’ਤੇ ਖਰੇ ਨਾ ਉਤਰਨ ਵਾਲੀਆਂ ਅਤੇ ਖ਼ਰਾਬ ਹਾਲਤ ਵਾਲੀਆਂ ਬੱਸਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ। ਚੈਕਿੰਗ ਦੌਰਾਨ ਵੈਨ ਅਤੇ ਬੱਸ ਡਰਾਈਵਰਾਂ ਨੂੰ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਵਿੱਚ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਰੱਖਿਆ ਪ੍ਰਬੰਧ ਲਾਜ਼ਮੀ ਹਨ। ਬੱਸਾਂ ਵਿੱਚ ਸਪੀਡ ਗਵਰਨਰ, ਫਸਟ ਏਡ ਬਾਕਸ, ਐਮਰਜੈਂਸੀ ਦਰਵਾਜ਼ੇ, ਦਰਵਾਜ਼ਿਆਂ ਦੇ ਲਾਕ ਅਤੇ ਬੱਚਿਆਂ ਦੇ ਬੈਗ ਰੱਖਣ ਲਈ ਢੁੱਕਵੀਂ ਥਾਂ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਖਿੜਕੀਆਂ ’ਤੇ ਸੁਰੱਖਿਆ ਗਰਿੱਲਾਂ, ਸੀਸੀਟੀਵੀ ਕੈਮਰੇ ਅਤੇ ਘੱਟੋ-ਘੱਟ 60 ਦਿਨ ਦੀ ਰਿਕਾਰਡਿੰਗ ਦੀ ਵਿਵਸਥਾ ਵੀ ਲਾਜ਼ਮੀ ਹੈ।
ਸਕੂਲ ਬੱਸ ਦਾ ਰੰਗ ਸੁਨਹਿਰੀ ਪੀਲਾ, ਚਾਰੇ ਪਾਸੇ ‘ਸਕੂਲ ਬੱਸ’ ਲਿਖਿਆ ਹੋਣਾ ਅਤੇ ਸਕੂਲ ਦਾ ਨਾਮ ਤੇ ਸੰਪਰਕ ਨੰਬਰ ਦਰਜ ਹੋਣਾ ਜ਼ਰੂਰੀ ਹੈ। ਕਿਰਾਏ ’ਤੇ ਲਈ ਗਈ ਬੱਸ ’ਤੇ ‘ਆਨ ਡਿਊਟੀ’ ਲਿਖਿਆ ਹੋਣਾ ਵੀ ਲਾਜ਼ਮੀ ਹੈ। ਬੱਸ ਵਿੱਚ ਨਿਰਧਾਰਤ ਸਮਰੱਥਾ ਤੋਂ ਵੱਧ ਬੱਚੇ ਨਹੀਂ ਬਿਠਾਏ ਜਾ ਸਕਦੇ।
ਰੀਤੂ ਬਾਲਾ ਨੇ ਦੱਸਿਆ ਕਿ ਸਕੂਲੀ ਬੱਸ ਦੇ ਡਰਾਈਵਰ ਕੋਲ ਘੱਟੋ-ਘੱਟ ਚਾਰ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਡਰਾਈਵਰ ਕੋਲ ਬੱਚਿਆਂ ਦੇ ਨਾਮ, ਪਤਾ ਅਤੇ ਕਲਾਸ ਦੀ ਸੂਚੀ ਹੋਣੀ ਲਾਜ਼ਮੀ ਹੈ। ਵਰਦੀ, ਨਾਮ ਵਾਲੀ ਨੇਮ ਪਲੇਟ ਅਤੇ ਹੋਰ ਨਿਰਧਾਰਤ ਨਿਯਮਾਂ ਦੀ ਪਾਲਣਾ ਵੀ ਜ਼ਰੂਰੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਟ੍ਰੈਫਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH