
ਪਟਿਆਲਾ, 12 ਸਤੰਬਰ (ਹਿੰ.ਸ.)| ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਬਾਬਾ ਫਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ ਫਰੀਦਕੋਟ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜ ਦਿਨ ਚੱਲਣ ਵਾਲੇ ਇਸ ਉਤਸਵ ਦੌਰਾਨ ਸਾਹਿਤਕ ਸਮਾਗਮਾਂ ਦੇ ਨਾਲ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ। ਉਤਸਵ ਵਿੱਚ ਰੂਬਰੂ, ਲੇਖਕ ਮਿਲਣੀਆਂ, ਵਿਚਾਰ-ਚਰਚਾਵਾਂ ਅਤੇ ਕਵੀ ਦਰਬਾਰ ਕਰਵਾਏ ਜਾਣਗੇ।ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਰਵਾਇਆ ਜਾਣ ਵਾਲਾ ਇਹ ਸਾਹਿਤਕ ਉਤਸਵ ਹਰ ਸਾਲ ਹੋਰ ਵਿਸ਼ਾਲ ਰੂਪ ਧਾਰ ਰਿਹਾ ਹੈ ਅਤੇ ਸਾਹਿਤਕਾਰਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਦੀ ਉਡੀਕ ਕੀਤੀ ਜਾਂਦੀ ਹੈ।ਉਤਸਵ ਦਾ ਉਦਘਾਟਨ 19 ਸਤੰਬਰ ਨੂੰ ਸਵੇਰੇ 9.30 ਵਜੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫਰੀਦਕੋਟ ਵਿਖੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕਰਨਗੇ। ਪਹਿਲੇ ਸੈਸ਼ਨ ਵਿੱਚ ‘ਕਥਾ-ਕਾਰਵਾਂ’ ਤਹਿਤ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਸੰਵਾਦ ਕਰਨਗੇ। ਸ਼ਾਮ ਦੇ ਸੈਸ਼ਨ ਵਿੱਚ ‘ਯੁਵਾ ਸਾਹਿਤ ਦੇ ਸੰਗ’ ਵਿਸ਼ੇ ਤਹਿਤ ਨੌਜਵਾਨ ਕਹਾਣੀਕਾਰ ਆਗਾਜ਼ਬੀਰ ਅਤੇ ਕਵੀ ਰਣਧੀਰ ਨਾਲ ਡਾ. ਗੁਰਦੀਪ ਸਿੰਘ ਢਿੱਲੋਂ ਗੱਲਬਾਤ ਕਰਨਗੇ।20 ਸਤੰਬਰ ਨੂੰ ‘ਦੇਹ ਕੀ ਸਾਖੀ’ ਵਿਸ਼ੇ ’ਤੇ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਸੰਵਾਦ ਕਰਨਗੇ। ਸ਼ਾਮ ਨੂੰ ‘ਸਿਨੇਮਾ ਤੇ ਸਮਕਾਲ’ ਵਿਸ਼ੇ ਤਹਿਤ ਫ਼ਿਲਮਸਾਜ਼ ਜਸ ਗਰੇਵਾਲ ਨਾਲ ਡਾ. ਸੁਖਦਰਸ਼ਨ ਸਿੰਘ ਚਹਿਲ ਵਿਚਾਰ-ਵਟਾਂਦਰਾ ਕਰਨਗੇ।21 ਸਤੰਬਰ ਨੂੰ ‘ਰੰਗਮੰਚ ਦਾ ਸਫ਼ਰ’ ਵਿਸ਼ੇ ਅਧੀਨ ਨਾਟਕਕਾਰ ਕੇਵਲ ਧਾਲੀਵਾਲ ਨਾਲ ਡਾ. ਜਗਦੀਪ ਸਿੰਘ ਸੰਧੂ ਵਿਚਾਰ-ਚਰਚਾ ਕਰਨਗੇ। ਇਸੇ ਦਿਨ ਸ਼ਾਮ ਨੂੰ ‘ਤੁਰਦੀਆਂ ਅੱਖਾਂ ਵੇਖਦੇ ਪੈਰ’ ਤਹਿਤ ਫੋਟੋਗ੍ਰਾਫਰ ਅਤੇ ਵਾਰਤਕਕਾਰ ਨਿਰਲੇਪ ਸਿੰਘ ਨਾਲ ਗੁਰਪ੍ਰੀਤ ਸੰਵਾਦ ਕਰਨਗੇ।22 ਸਤੰਬਰ ਨੂੰ ‘ਬਾਬੇ ਬਿਸ਼ਨੇ ਦੀ ਬੈਠਕ’ ਦੌਰਾਨ ਲੇਖਕ ਨਿੰਦਰ ਘੁਗਿਆਣਵੀ ਵੱਲੋਂ ਬਾਬੂ ਸਿੰਘ ਮਾਨ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਕੁਮਾਰ ਜਗਦੇਵ ਸਿੰਘ ਵੱਲੋਂ ਸ. ਮਾਨ ਨਾਲ ਸੰਵਾਦ ਵੀ ਕੀਤਾ ਜਾਵੇਗਾ। ਸਵੇਰ ਦੇ ਸੈਸ਼ਨ ਸਵੇਰੇ 10.30 ਵਜੇ ਅਤੇ ਬਾਅਦ ਦੁਪਹਿਰ ਵਾਲੇ ਸੈਸ਼ਨ 3.30 ਵਜੇ ਸ਼ੁਰੂ ਹੋਣਗੇ।22 ਸਤੰਬਰ ਨੂੰ ਸ਼ਾਮ 5.30 ਵਜੇ ਸ਼ੇਖ ਫਰੀਦ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਵਿੱਚ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਮੁੱਖ ਮਹਿਮਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।ਕਵੀ ਦਰਬਾਰ ਵਿੱਚ ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਦਰਸ਼ਨ ਬੁੱਟਰ, ਸਵਾਮੀ ਅੰਤਰ ਨੀਰਵ, ਡਾ. ਰਾਜੇਸ਼ ਮੋਹਨ, ਭੁਪਿੰਦਰ ਕੌਰ ਪ੍ਰੀਤ, ਨੀਤੂ, ਦੇਵਿੰਦਰ ਸੈਫ਼ੀ, ਤ੍ਰੈਲੋਚਨ ਲੋਚੀ, ਅਜੀਤਪਾਲ ਜਟਾਣਾ, ਸਿਮਰਨ ਅਕਸ, ਬਲਕਾਰ ਔਲਖ ਅਤੇ ਸੁਨੀਲ ਚੰਦਿਆਣਵੀ ਸਮੇਤ ਕਈ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।ਉਤਸਵ ਦਾ ਸਮਾਪਤੀ ਸਮਾਰੋਹ 23 ਸਤੰਬਰ ਨੂੰ ਬਾਅਦ ਦੁਪਹਿਰ 1 ਵਜੇ ‘ਲੇਖਕ, ਪਾਠਕ ਤੇ ਪ੍ਰਕਾਸ਼ਕ’ ਵਿਸ਼ੇ ਤਹਿਤ ਹੋਵੇਗਾ। ਇਸ ਵਿੱਚ ਮਨਜੀਤ ਪੁਰੀ, ਡਾ. ਰਾਜੇਸ਼ ਮੋਹਨ, ਕਮਲਜੀਤ ਸਿੰਘ ਸਿੱਧੂ ਅਤੇ ਗੁਰਅੰਮ੍ਰਿਤਪਾਲ ਸਿੰਘ ਬਰਾੜ ਸਮੀਖਿਆਕਾਰ ਵਜੋਂ ਸ਼ਿਰਕਤ ਕਰਨਗੇ, ਜਦਕਿ ਪ੍ਰੋ. ਰਣਜੀਤ ਸਿੰਘ ਬਾਜਵਾ ਸੂਤਰਧਾਰ ਦੀ ਭੂਮਿਕਾ ਨਿਭਾਉਣਗੇ।ਇਹ ਉਤਸਵ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ, ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਅਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH