
ਹੁਸ਼ਿਆਰਪੁਰ, 12 ਸਤੰਬਰ (ਹਿੰ.ਸ.)| ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਜ਼ਿਲ੍ਹੇ ਵਿੱਚ ਸ਼ੋਰ ਅਤੇ ਆਵਾਜ਼ੀ ਪ੍ਰਦੂਸ਼ਣ ਨੂੰ ਰੋਕਣ ਲਈ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 7 ਨਵੰਬਰ 2026 ਤੱਕ ਲਾਗੂ ਰਹਿਣਗੇ। ਹੁਕਮਾਂ ਅਨੁਸਾਰ ਜ਼ਿਆਦਾ ਸ਼ੋਰ ਜਾਂ ਧਮਕ ਪੈਦਾ ਕਰਨ ਵਾਲੇ ਯੰਤਰਾਂ, ਸੰਗੀਤਕ ਸਾਧਨਾਂ ਅਤੇ ਹੋਰ ਆਵਾਜ਼ੀ ਪ੍ਰਦੂਸ਼ਣ ਦੇ ਸਰੋਤਾਂ ਦੀ ਵਰਤੋਂ ’ਤੇ ਪਾਬੰਦੀ ਰਹੇਗੀ। ਹਾਲਾਂਕਿ ਇਹ ਪਾਬੰਦੀ ਸਿਰਫ਼ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ’ਤੇ ਲਾਗੂ ਨਹੀਂ ਹੋਵੇਗੀ।
ਵਾਹਨਾਂ ਵਿੱਚ ਪ੍ਰੈਸ਼ਰ ਹਾਰਨ, ਬਹੁਤ ਤੇਜ਼ ਆਵਾਜ਼ ਵਾਲੇ ਹਾਰਨ ਜਾਂ ਸ਼ੋਰ ਪੈਦਾ ਕਰਨ ਵਾਲੇ ਹੋਰ ਹਾਰਨਾਂ ਦੀ ਵਰਤੋਂ ਵੀ ਮਨ੍ਹਾ ਰਹੇਗੀ। ਸਿਰਫ਼ ਸਰਕਾਰ ਵੱਲੋਂ ਨਿਰਧਾਰਤ ਅਤੇ ਆਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹਾਰਨ ਹੀ ਨਿਰਧਾਰਤ ਆਵਾਜ਼ ਸੀਮਾ ਅੰਦਰ ਵਰਤੇ ਜਾ ਸਕਣਗੇ। ਹੁਕਮਾਂ ਤਹਿਤ ਗੈਰ-ਸਰਕਾਰੀ ਇਮਾਰਤਾਂ, ਵਪਾਰਕ ਅਦਾਰਿਆਂ, ਜਨਤਕ ਥਾਵਾਂ, ਸਿਨੇਮਾ ਘਰਾਂ, ਮਾਲਜ਼, ਹੋਟਲਾਂ, ਰੈਸਟੋਰੈਂਟਾਂ ਅਤੇ ਮੇਲਿਆਂ ਆਦਿ ਵਿੱਚ ਉੱਚੀ ਆਵਾਜ਼ ਵਾਲਾ ਸੰਗੀਤ ਅਤੇ ਅਸ਼ਲੀਲ ਗੀਤ ਚਲਾਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਮੰਤਰਾਲਿਆਂ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸਥਾਨਾਂ ਅਤੇ ਹੋਰ ਐਲਾਨੇ ਗਏ ਸਾਈਲੈਂਸ ਜ਼ੋਨਾਂ ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ, ਪਟਾਖੇ, ਲਾਊਡ ਸਪੀਕਰ, ਪ੍ਰੈਸ਼ਰ ਹਾਰਨ ਅਤੇ ਹੋਰ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੀ ਵਰਤੋਂ ਜਾਂ ਸਥਾਪਨਾ ’ਤੇ ਪੂਰਨ ਪਾਬੰਦੀ ਰਹੇਗੀ। ਵਿਸ਼ੇਸ਼ ਮੌਕਿਆਂ ’ਤੇ ਧਾਰਮਿਕ ਸਥਾਨਾਂ ਜਾਂ ਪੰਡਾਲਾਂ ਵਿੱਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ ਪੈਲੇਸਾਂ ਵਿੱਚ ਡੀਜੇ ਜਾਂ ਆਰਕੈਸਟਰਾ ਚਲਾਉਣ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਹੁਕਮਾਂ ਅਨੁਸਾਰ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਵਾਜ਼ ਦੀ ਨਿਰਧਾਰਤ ਹੱਦ ਤੋਂ ਵੱਧ ਆਵਾਜ਼ ਨਹੀਂ ਕੀਤੀ ਜਾ ਸਕੇਗੀ। ਉਦਯੋਗਿਕ ਖੇਤਰਾਂ ਵਿੱਚ ਦਿਨ ਸਮੇਂ 75 ਅਤੇ ਰਾਤ ਸਮੇਂ 70 ਡੀਬੀ, ਵਪਾਰਕ ਖੇਤਰਾਂ ਵਿੱਚ ਕ੍ਰਮਵਾਰ 65 ਅਤੇ 55 ਡੀਬੀ, ਰਿਹਾਇਸ਼ੀ ਖੇਤਰਾਂ ਵਿੱਚ 55 ਅਤੇ 45 ਡੀਬੀ ਅਤੇ ਸਾਈਲੈਂਸ ਜ਼ੋਨ ਵਿੱਚ 50 ਅਤੇ 40 ਡੀਬੀ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਦਿਨ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਮੰਨਿਆ ਗਿਆ ਹੈ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਲਾਗੂ ਨਹੀਂ ਹੋਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH