ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸਿਹਤ ਕੇਂਦਰਾਂ ’ਚ ਲੱਗੇ ਵਿਸ਼ੇਸ਼ ਜਾਂਚ ਕੈਂਪ
ਫਾਜ਼ਿਲਕਾ, 12 ਸਤੰਬਰ (ਹਿੰ.ਸ.)| ਸਿਹਤ ਵਿਭਾਗ ਪੰਜਾਬ ਵੱਲੋਂ ਗਰਭਵਤੀ ਔਰਤਾਂ, ਖਾਸ ਕਰਕੇ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ (ਪੀਐਮਐਸਐਮਏ) ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਸਿਵਲ ਸਰਜਨ
ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਜਾਂਚ ਕੈਂਪ ਦੌਰਾਨ ਮਹਿਲਾ ਦੀ ਜਾਂਚ ਕਰਦਾ ਹੋਇਆ ਮੈਡੀਕਲ ਸਟਾਫ।


ਫਾਜ਼ਿਲਕਾ, 12 ਸਤੰਬਰ (ਹਿੰ.ਸ.)| ਸਿਹਤ ਵਿਭਾਗ ਪੰਜਾਬ ਵੱਲੋਂ ਗਰਭਵਤੀ ਔਰਤਾਂ, ਖਾਸ ਕਰਕੇ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ (ਪੀਐਮਐਸਐਮਏ) ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ।

ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਗਰਭ ਅਵਸਥਾ ਦੌਰਾਨ ਪੈਦਾ ਹੋਣ ਵਾਲੀਆਂ ਜਟਿਲਤਾਵਾਂ ਦੀ ਸਮੇਂ ਸਿਰ ਪਛਾਣ ਕਰਕੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਬਣਾਉਣਾ ਹੈ। ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਮੈਡੀਕਲ ਅਫਸਰ ਅਤੇ ਸਿਵਲ ਹਸਪਤਾਲਾਂ ਵਿੱਚ ਗਾਇਨੀਕੋਲੋਜਿਸਟ ਤੇ ਹੋਰ ਮਾਹਿਰ ਡਾਕਟਰ ਉਪਲਬਧ ਰਹਿੰਦੇ ਹਨ।

ਅਬੋਹਰ ਵਿੱਚ ਲਗਾਏ ਗਏ ਕੈਂਪਾਂ ਸਬੰਧੀ ਸਹਾਇਕ ਸਿਵਲ ਸਰਜਨ-ਕਮ-ਐਸਐਮਓ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪੀਐਮਐਸਐਮਏ ਤਹਿਤ ਹਾਈ ਰਿਸਕ ਗਰਭ ਅਵਸਥਾ ਦੀ ਪਛਾਣ ਅਤੇ ਉਸ ਦੇ ਢੁੱਕਵੇਂ ਪ੍ਰਬੰਧਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜੱਚਾ-ਬੱਚਾ ਮੌਤ ਦਰ ਨੂੰ ਘਟਾਉਣ ਵਿੱਚ ਮਦਦ ਮਿਲ ਰਹੀ ਹੈ।

ਕੈਂਪਾਂ ਦੌਰਾਨ ਗਰਭਵਤੀ ਔਰਤਾਂ ਦੇ ਲੋੜੀਂਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਆਇਰਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਮੁਹੱਈਆ ਕਰਵਾਉਣ ਦੇ ਨਾਲ ਟੀਡੀ ਟੀਕਾਕਰਨ ਵੀ ਕੀਤਾ ਜਾਂਦਾ ਹੈ। ਡਾ. ਸੁਮੀਤ ਸਿੰਘ ਨੇ ਹਾਈ ਰਿਸਕ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਘੱਟੋ-ਘੱਟ ਇੱਕ ਵਾਰ ਗਾਇਨੀਕੋਲੋਜਿਸਟ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ।

ਡਾ. ਸੁਰੇਸ਼ ਕੰਬੋਜ਼ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਫੀਲਡ ਸਟਾਫ ਵੱਲੋਂ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਸੁਰੱਖਿਅਤ ਜਣੇਪੇ ਤੱਕ ਨਿਰੰਤਰ ਫਾਲੋਅਪ ਕੀਤਾ ਜਾਂਦਾ ਹੈ। ਇਸ ਕੰਮ ਵਿੱਚ ਆਸ਼ਾ ਵਰਕਰਾਂ ਦੀ ਭੂਮਿਕਾ ਵੀ ਅਹਿਮ ਹੈ। ਕੈਂਪਾਂ ਦੌਰਾਨ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੋਸ਼ਣ, ਸੰਤੁਲਿਤ ਖੁਰਾਕ ਅਤੇ ਪਰਿਵਾਰ ਨਿਯੋਜਨ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

ਅਜੀਮਗੜ੍ਹ ਦੇ ਨਵੇਂ ਬਣੇ ਆਮ ਆਦਮੀ ਕਲੀਨਿਕ ਵਿੱਚ ਕੈਂਪ ਦੌਰਾਨ ਡਾ. ਆਰਚੀ ਡੋਡਾ ਨੇ ਦੱਸਿਆ ਕਿ ਅਨੀਮੀਆ ਅਤੇ ਹਾਈ ਬਲੱਡ ਪ੍ਰੈਸ਼ਰ ਹਾਈ ਰਿਸਕ ਗਰਭ ਅਵਸਥਾ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਇਰਨ-ਫੋਲਿਕ ਐਸਿਡ ਦੀਆਂ ਗੋਲੀਆਂ ਦੇ ਨਾਲ ਮੌਸਮੀ ਫਲਾਂ, ਸਬਜ਼ੀਆਂ ਅਤੇ ਸੰਤੁਲਿਤ ਘਰੇਲੂ ਖੁਰਾਕ ਰਾਹੀਂ ਵੀ ਖੂਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਕੈਂਪ ਦੌਰਾਨ ਡਾ. ਆਰਚੀ ਡੋਡਾ, ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਏਐਨਐਮ ਦਿਨੇਸ਼ ਰਾਣੀ, ਲਖਵਿੰਦਰ ਕੌਰ, ਮਲਟੀਪਰਪਜ਼ ਹੈਲਥ ਵਰਕਰ ਭਾਰਤ ਸੇਠੀ, ਅੰਕੁਸ਼ ਕੁਮਾਰ, ਆਸ਼ਾ ਵਰਕਰਾਂ ਅਤੇ ਲਾਭਪਾਤਰੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande