
ਤਰਨਤਾਰਨ, 14 ਸਤੰਬਰ (ਹਿੰ.ਸ.)| ਤਰਨਤਾਰਨ ਪੁਲਿਸ ਨੇ ਕਾਰਵਾਈ ਕਰਦਿਆਂ ਐਨਡੀਪੀਐਸ ਐਕਟ ਤਹਿਤ ਦਰਜ ਮਾਮਲਿਆਂ ਦੇ ਇਕ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਨਾਜਾਇਜ਼ ਲਾਭ ਪਹੁੰਚਾਉਣ ਦੇ ਬਦਲੇ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਐੱਸਐੱਚਓ ਅਤੇ ਦੋ ਵਿਚੋਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਦੋਵੇਂ ਐੱਸਐੱਚਓ ਨੇ ਵਿਚੋਲਿਆਂ ਰਾਹੀਂ ਕੁੱਲ 7 ਲੱਖ ਰੁਪਏ ਰਿਸ਼ਵਤ ਲਈ ਸੀ। ਇਸ ਮਾਮਲੇ ਵਿੱਚ ਐੱਸਐੱਚਓ ਥਾਣਾ ਕੱਚਾ ਪੱਕਾ ਐੱਸਆਈ ਕਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਤਿੰਨ ਮੁਲਜ਼ਮ ਫ਼ਰਾਰ ਹਨ।ਪੁਲਿਸ ਅਨੁਸਾਰ ਐੱਸਆਈ ਬਲਜਿੰਦਰ ਸਿੰਘ ਐੱਸਐੱਚਓ ਥਾਣਾ ਵਲਟੋਹਾ, ਐੱਸਆਈ ਕਿਰਪਾਲ ਸਿੰਘ ਐੱਸਐੱਚਓ ਥਾਣਾ ਕੱਚਾ ਪੱਕਾ, ਰੋਬਿਨ ਸਿੰਘ ਵਾਸੀ ਮਾੜੀ ਮੇਘਾ ਅਤੇ ਪੂਰਨ ਸਿੰਘ ਵਾਸੀ ਦਾਓਕੇ ਖ਼ਿਲਾਫ਼ ਥਾਣਾ ਵਲਟੋਹਾ ਵਿੱਚ ਧਾਰਾ 7 ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਧਾਰਾ 255 ਭਾਰਤੀ ਨਿਆਂ ਸੰਹਿਤਾ ਤਹਿਤ ਦਰਜ ਕੀਤਾ ਗਿਆ ਹੈ।ਮਾਮਲੇ ਮੁਤਾਬਕ ਗੁਰਮੀਤ ਸਿੰਘ ਉਰਫ਼ ਗੀਤੂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪਹਿਲਾ ਮਾਮਲਾ ਮੁਕੱਦਮਾ ਨੰਬਰ 117 ਮਿਤੀ 1 ਸਤੰਬਰ 2026 ਥਾਣਾ ਵਲਟੋਹਾ ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ 14 ਕਿਲੋ 110 ਗ੍ਰਾਮ ਅਫ਼ੀਮ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ। ਦੂਜਾ ਮਾਮਲਾ ਮੁਕੱਦਮਾ ਨੰਬਰ 76 ਮਿਤੀ 2 ਸਤੰਬਰ 2026 ਥਾਣਾ ਕੱਚਾ ਪੱਕਾ ਵਿੱਚ ਦਰਜ ਹੋਇਆ ਸੀ, ਜਿਸ ਵਿੱਚ 2 ਕਿਲੋ ਅਫ਼ੀਮ ਬਰਾਮਦ ਹੋਈ ਸੀ।
ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ ਐੱਸਆਈ ਬਲਜਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਗੁਰਮੀਤ ਸਿੰਘ ਉਰਫ਼ ਗੀਤੂ ਨੂੰ ਮਾਮਲੇ ਦੀ ਤਫ਼ਤੀਸ਼ ਵਿੱਚ ਨਾਜਾਇਜ਼ ਲਾਭ ਪਹੁੰਚਾਉਣ ਦੇ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵਿਚੋਲੇ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਕਥਿਤ ਤੌਰ ’ਤੇ ਰਿਸ਼ਵਤ ਵਜੋਂ ਲਏ। ਇਸੇ ਤਰ੍ਹਾਂ ਐੱਸਆਈ ਕਿਰਪਾਲ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਪੂਰਨ ਸਿੰਘ ਰਾਹੀਂ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ 4 ਲੱਖ ਰੁਪਏ ਰਿਸ਼ਵਤ ਲਈ। ਰੋਬਿਨ ਸਿੰਘ ਅਤੇ ਪੂਰਨ ਸਿੰਘ ’ਤੇ ਕਥਿਤ ਲੈਣ-ਦੇਣ ਵਿੱਚ ਵਿਚੋਲਿਆਂ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹਨ।
ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੇ ਐੱਸਆਈ ਕਿਰਪਾਲ ਸਿੰਘ ਐੱਸਐੱਚਓ ਥਾਣਾ ਕੱਚਾ ਪੱਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਐੱਸਆਈ ਬਲਜਿੰਦਰ ਸਿੰਘ, ਰੋਬਿਨ ਸਿੰਘ ਅਤੇ ਪੂਰਨ ਸਿੰਘ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲੇ ਦੀ ਅਗਲੇਰੀ ਜਾਂਚ ਡੀਐੱਸਪੀ ਸਬ-ਡਵੀਜ਼ਨ ਭਿੱਖੀਵਿੰਡ ਅਤੁਲ ਸੋਨੀ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH