
ਫਗਵਾੜਾ ਤੇ ਪਾਛਟ ਖੇਤਰਾਂ ’ਚ ਹਲਵਾਈਆਂ ਤੇ ਡੇਅਰੀ ਕਾਰੋਬਾਰੀਆਂ ਤੋਂ ਖੋਏ ਅਤੇ ਪਨੀਰ ਦੇ 6 ਸੈਂਪਲ ਲਏ
ਕਪੂਰਥਲਾ, 14 ਸਤੰਬਰ (ਹਿੰ.ਸ.)| ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਜ਼ਿਲ੍ਹੇ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਅਤੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਮੁਹਿੰਮ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਹੇਠ ਚਲਾਈ ਗਈ।
ਫੂਡ ਸੇਫਟੀ ਵਿੰਗ ਦੀ ਟੀਮ ਵੱਲੋਂ ਫਗਵਾੜਾ ਅਤੇ ਪਾਛਟ ਦੇ ਵੱਖ-ਵੱਖ ਖੇਤਰਾਂ ਵਿੱਚ ਹਲਵਾਈਆਂ, ਡੇਅਰੀਆਂ ਅਤੇ ਮਠਿਆਈਆਂ ਨਾਲ ਸਬੰਧਤ ਹੋਰ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਖੋਏ ਅਤੇ ਪਨੀਰ ਸਮੇਤ ਕੁੱਲ 6 ਖਾਧ ਪਦਾਰਥਾਂ ਦੇ ਸੈਂਪਲ ਲਏ ਗਏ। ਸਾਰੇ ਸੈਂਪਲ ਮੌਕੇ ’ਤੇ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜ ਦਿੱਤੇ ਗਏ ਹਨ। ਜਾਂਚ ਰਿਪੋਰਟ ਮਿਲਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਫੂਡ ਕਾਰੋਬਾਰੀਆਂ ਨੂੰ ਅਦਾਰੇ ਸਾਫ਼-ਸੁਥਰੇ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ ਅਤੇ ਕੂੜਾ-ਕਰਕਟ ਖੁੱਲ੍ਹੇ ਵਿੱਚ ਜਾਂ ਸੜਕਾਂ ’ਤੇ ਨਾ ਸੁੱਟਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੰਮ ਦੌਰਾਨ ਦਸਤਾਨੇ ਅਤੇ ਹੈੱਡ ਕੈਪ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ।
ਵਿਭਾਗ ਵੱਲੋਂ ਹਲਵਾਈਆਂ ਅਤੇ ਡੇਅਰੀ ਕਾਰੋਬਾਰੀਆਂ ਨੂੰ ਖੋਏ ਅਤੇ ਪਨੀਰ ਦੀ ਗੁਣਵੱਤਾ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਖੋਇਆ ਅਤੇ ਪਨੀਰ ਆਪਣੇ ਅਦਾਰੇ ਵਿੱਚ ਤਿਆਰ ਕੀਤਾ ਜਾਵੇ ਜਾਂ ਕਿਸੇ ਭਰੋਸੇਯੋਗ ਕਾਰੋਬਾਰੀ ਅਦਾਰੇ ਤੋਂ ਪੱਕੇ ਬਿੱਲ ’ਤੇ ਹੀ ਖਰੀਦਿਆ ਜਾਵੇ। ਜੇਕਰ ਕਿਸੇ ਕਾਰੋਬਾਰੀ ਨੂੰ ਸਸਤੇ ਖੋਏ, ਪਨੀਰ ਜਾਂ ਕਿਸੇ ਹੋਰ ਖਾਧ ਪਦਾਰਥ ਦੀ ਗੁਣਵੱਤਾ ’ਤੇ ਸ਼ੱਕ ਹੋਵੇ ਤਾਂ ਇਸ ਬਾਰੇ ਵਿਭਾਗ ਨੂੰ ਸੂਚਿਤ ਕਰਨ ਲਈ ਕਿਹਾ ਗਿਆ।
ਟੀਮ ਨੇ ਕਾਰੋਬਾਰੀਆਂ ਨੂੰ ਖਾਣਾ ਤਲਣ ਲਈ ਵਰਤੇ ਜਾਣ ਵਾਲੇ ਤੇਲ ਨੂੰ ਦੋ ਵਾਰ ਤੋਂ ਵੱਧ ਨਾ ਵਰਤਣ ਦੀ ਸਲਾਹ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਤੇਲ ਨੂੰ ਵਾਰ-ਵਾਰ ਵਰਤਣ ਨਾਲ ਉਸ ਵਿੱਚ ਟੋਟਲ ਪੋਲਰ ਕੰਪਾਊਂਡ ਦੀ ਮਾਤਰਾ ਵਧ ਸਕਦੀ ਹੈ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਖਾਧ ਪਦਾਰਥਾਂ ਵਿੱਚ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਲੋੜ ਅਨੁਸਾਰ ਹੀ ਖਾਧ ਸਮੱਗਰੀ ਤਿਆਰ ਕਰਨ ਲਈ ਕਿਹਾ ਗਿਆ, ਤਾਂ ਜੋ ਲੰਬੇ ਸਮੇਂ ਤੱਕ ਰੱਖਣ ਕਾਰਨ ਉਸ ਦੀ ਗੁਣਵੱਤਾ ਪ੍ਰਭਾਵਿਤ ਨਾ ਹੋਵੇ।
ਇਸ ਮੌਕੇ ਕਾਰੋਬਾਰੀਆਂ ਨੂੰ ਆਪਣੇ ਸਾਲਾਨਾ ਕਾਰੋਬਾਰ ਦੇ ਅਨੁਸਾਰ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਜਾਗਰੂਕ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਐੱਫ.ਐੱਸ.ਐੱਸ.ਏ.ਆਈ. ਦੇ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਚੈਕਿੰਗ ਟੀਮ ਵਿੱਚ ਫੂਡ ਸੇਫਟੀ ਅਫ਼ਸਰ ਮਹਿਕ ਸੈਣੀ ਵੀ ਸ਼ਾਮਲ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH