
ਚੰਡੀਗੜ੍ਹ, 14 ਸਤੰਬਰ (ਹਿੰ.ਸ.)| ਸ਼ਹਿਰ ਵਿੱਚ ਨਸ਼ਿਆਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਲਿਸ ਵੱਲੋਂ ਘੋੜਿਆਂ ਨਾਲ ਗਸ਼ਤ ਕਰਨ ਤੋਂ ਲੈ ਕੇ ਰਾਤ ਸਮੇਂ ਥਾਣਾ ਮੁਖੀਆਂ ਅਤੇ ਇਲਾਕਾ ਡੀਐਸਪੀ ਵੱਲੋਂ ਖ਼ੁਦ ਫੀਲਡ ਵਿੱਚ ਉਤਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਕੇ ਮੀਡੀਆ ਤੱਕ ਵੀ ਪਹੁੰਚਾਈ ਜਾ ਰਹੀ ਹੈ।
ਪਿਛਲੇ ਚਾਰ ਦਿਨਾਂ ਦੌਰਾਨ ਪੁਲਿਸ ਦੇ ਇਸ ਬਦਲੇ ਰੁਖ਼ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜੰਗਲੀ ਇਲਾਕਿਆਂ, ਖੰਡਰਾਂ ਅਤੇ ਸ਼ਮਸ਼ਾਨ ਘਾਟਾਂ ਨੇੜੇ ਨਸ਼ੇੜੀਆਂ ਵੱਲੋਂ ਬਣਾਏ ਗਏ ਠਿਕਾਣਿਆਂ ’ਤੇ ਮਾਊਂਟਿਡ ਪੁਲਿਸ ਦੀ ਮਦਦ ਨਾਲ ਸਰਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ।
ਸਰਚ ਦੌਰਾਨ ਜੰਗਲੀ ਇਲਾਕੇ ਵਿੱਚੋਂ ਕੁਝ ਲੋਕਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 10 ਰੁਪਏ ਦੇ ਨੋਟ, ਫੋਇਲ ’ਤੇ ਲੱਗਾ ਚਿੱਟਾ, ਲਾਈਟਰ ਅਤੇ ਨਸ਼ਾ ਗਰਮ ਕਰਨ ਲਈ ਵਰਤੇ ਜਾਣ ਵਾਲੇ ਚਮਚੇ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਵੱਲੋਂ ਛਾਪੇਮਾਰੀ ਅਤੇ ਚੈਕਿੰਗ ਦੀ ਹਰ ਗਤੀਵਿਧੀ ਦੀ ਸਰਕਾਰੀ ਕੈਮਰਾਮੈਨ ਅਤੇ ਪੁਲਿਸ ਮੁਲਾਜ਼ਮਾਂ ਦੇ ਮੋਬਾਈਲ ਫੋਨਾਂ ਰਾਹੀਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ, ਤਾਂ ਜੋ ਅਦਾਲਤ ਵਿੱਚ ਮਾਮਲਿਆਂ ਨੂੰ ਸਾਬਤ ਕਰਨ ਲਈ ਸਬੂਤ ਮੌਜੂਦ ਰਹਿਣ।
ਚੰਡੀਗੜ੍ਹ ਪੁਲਿਸ ਨੇ ਨਸ਼ਿਆਂ ਨਾਲ ਜੁੜੇ ਸ਼ੱਕੀ ਲੋਕਾਂ ਖ਼ਿਲਾਫ਼ ਸਖ਼ਤੀ ਕਰਦਿਆਂ 82 ਲੋਕਾਂ ’ਤੇ ਪ੍ਰਿਵੈਂਟਿਵ ਐਕਸ਼ਨ ਲਿਆ ਹੈ। ਇਨ੍ਹਾਂ ਨੂੰ ਜੇਲ੍ਹ ਭੇਜੇ ਜਾਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਐਨਡੀਪੀਐਸ ਐਕਟ ਤਹਿਤ 16 ਐਫਆਈ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੋਈ ਹੈ। ਪੁਲਿਸ ਵੱਲੋਂ ਜ਼ਮੀਨੀ ਪੱਧਰ ’ਤੇ ਇਸ ਮੁਹਿੰਮ ਨੂੰ ਹੋਰ ਆਕਰਮਕ ਬਣਾਇਆ ਗਿਆ ਹੈ। ਇਸ ਕਾਰਵਾਈ ਵਿੱਚ ਥਾਣਾ ਮੁਖੀਆਂ ਅਤੇ ਇਲਾਕਾ ਡੀਐਸਪੀ ਤੋਂ ਇਲਾਵਾ ਸੀਆਰਪੀਐਫ ਦੀ ਟੀਮ ਵੀ ਸ਼ਾਮਲ ਕੀਤੀ ਗਈ ਹੈ।
ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਸੀਆਈਡੀ ਵਿੰਗ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਸੀਆਈਡੀ ਦੀਆਂ ਟੀਮਾਂ ਕਾਲੋਨੀਆਂ ਵਿੱਚ ਆਪਣੇ ਸੂਤਰਾਂ ਰਾਹੀਂ ਡਰੱਗ ਸਪਲਾਇਰਾਂ ਅਤੇ ਪੈਡਲਰਾਂ ਦੀ ਸੂਚੀ ਤਿਆਰ ਕਰ ਰਹੀਆਂ ਹਨ।
ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਨਾਲ ਹੁਣ ਸਥਾਨਕ ਪੁਲਿਸ ਵੀ ਸੀਆਰਪੀਐਫ ਦੇ ਹਥਿਆਰਬੰਦ ਜਵਾਨਾਂ ਨੂੰ ਨਾਲ ਲੈ ਕੇ ਸਵੇਰੇ ਤੜਕੇ ਅਤੇ ਦੇਰ ਰਾਤ ਅਚਨਚੇਤ ਚੈਕਿੰਗ ਅਤੇ ਛਾਪੇਮਾਰੀ ਕਰ ਰਹੀ ਹੈ।
ਚੰਡੀਗੜ੍ਹ ਵਿੱਚ ਪੁਲਿਸ ਵੱਲੋਂ ਤੇਜ਼ ਕੀਤੀ ਗਈ ਇਸ ਮੁਹਿੰਮ ਦੇ ਤਹਿਤ ਹੁਣ ਨਸ਼ਾ ਵੇਚਣ ਵਾਲਿਆਂ, ਪੈਡਲਰਾਂ ਅਤੇ ਨਸ਼ਿਆਂ ਦੇ ਠਿਕਾਣਿਆਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH