
ਕਿਸਾਨਾਂ ਨੂੰ ਬਿਜਾਈ, ਬੀਜ, ਖਾਦਾਂ, ਮਸ਼ੀਨਰੀ, ਨਦੀਨ ਪ੍ਰਬੰਧਨ ਤੇ ਮੰਡੀਕਰਨ ਬਾਰੇ ਦਿੱਤੀ ਜਾਵੇਗੀ ਜਾਣਕਾਰੀ
ਕਪੂਰਥਲਾ, 14 ਸਤੰਬਰ (ਹਿੰ.ਸ.)| ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਮੂੰਗਫਲੀ ਦੀ ਕਾਸ਼ਤ ਦੇ ਉੱਨਤ ਤਰੀਕਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਅੱਜ ਪਿੰਡ ਮੋਠਾਂਵਾਲ ਵਿਖੇ ਖੇਤ ਟ੍ਰੇਨਿੰਗ ਕਮ ਫਾਰਮਰ ਸਕੂਲ ਲਗਾਇਆ ਜਾ ਰਿਹਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਕੈਂਪ ਦੌਰਾਨ ਕਿਸਾਨਾਂ ਨੂੰ ਮੂੰਗਫਲੀ ਦੀ ਬਿਜਾਈ ਦੇ ਢੰਗ, ਢੁਕਵੀਆਂ ਕਿਸਮਾਂ, ਖਾਦਾਂ ਦੀ ਵਰਤੋਂ, ਖੇਤੀ ਮਸ਼ੀਨਰੀ, ਨਦੀਨ ਪ੍ਰਬੰਧਨ ਅਤੇ ਮੰਡੀਕਰਨ ਸਬੰਧੀ ਖੇਤ ਵਿੱਚ ਹੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਮੂੰਗਫਲੀ ਦੀ ਕਾਸ਼ਤ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਇਸ ਟ੍ਰੇਨਿੰਗ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਡਾ. ਧੰਜੂ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਇਸ ਸਾਲ ਬਹਾਰ ਰੁੱਤ ਦੀ ਮੱਕੀ ਦੇ ਬਦਲ ਵਜੋਂ ਮੂੰਗਫਲੀ ਦੀ ਫ਼ਸਲ 76 ਏਕੜ ਰਕਬੇ ਵਿੱਚ ਤਜਰਬੇ ਵਜੋਂ ਬੀਜੀ ਗਈ ਸੀ, ਜਿਸ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। ਇਨ੍ਹਾਂ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਕਈ ਕਿਸਾਨਾਂ ਵੱਲੋਂ ਆਉਂਦੀ ਬਹਾਰ ਰੁੱਤ ਵਿੱਚ ਵੀ ਮੂੰਗਫਲੀ ਦੀ ਕਾਸ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਉਣੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 56 ਏਕੜ ਰਕਬੇ ਵਿੱਚ ਮੂੰਗਫਲੀ ਦੀ ਕਾਸ਼ਤ ਕੀਤੀ ਗਈ ਹੈ, ਜਿਸ ਦੀ ਫ਼ਸਲ ਅਕਤੂਬਰ ਮਹੀਨੇ ਵਿੱਚ ਮੰਡੀ ਵਿੱਚ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੂੰਗਫਲੀ ਦੀ ਫ਼ਸਲ ਝੋਨੇ ਅਤੇ ਬਹਾਰ ਰੁੱਤ ਦੀ ਮੱਕੀ ਦਾ ਇੱਕ ਵਧੀਆ ਬਦਲ ਸਾਬਤ ਹੋ ਰਹੀ ਹੈ। ਇਸ ਨਾਲ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਵੀ ਵੱਡੀ ਬੱਚਤ ਹੋ ਸਕਦੀ ਹੈ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੂੰਗਫਲੀ ਦੀ ਕਾਸ਼ਤ ਸਬੰਧੀ ਵਿਗਿਆਨਕ ਜਾਣਕਾਰੀ ਹਾਸਲ ਕਰਨ ਲਈ ਟ੍ਰੇਨਿੰਗ ਕੈਂਪ ਵਿੱਚ ਸ਼ਾਮਲ ਹੋਣ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਵੱਲ ਕਦਮ ਵਧਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH