
ਚੰਡੀਗੜ੍ਹ, 14 ਸਤੰਬਰ (ਹਿੰ.ਸ.)| ਕੈਨੇਡਾ ਦੇ ਕੈਲਗਰੀ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੇ ਇਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਪੰਜਾਬੀ ਮੂਲ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਕੈਲਗਰੀ ਪੁਲਿਸ ਨੇ ਦੋਸ਼ ਲਾਇਆ ਹੈ ਕਿ ਕਨੁਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੀੜਤ ਔਰਤ ਦੀ ਪਛਾਣ ਅਤੇ ਉਸ ਦੇ ਘਰ ਦਾ ਪਤਾ ਮੁਹੱਈਆ ਕਰਵਾਇਆ ਸੀ।
ਕੈਲਗਰੀ ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਦੋ ਬਾਲਗਾਂ ਅਤੇ ਇਕ ਨਾਬਾਲਗ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ 25 ਮਾਰਚ ਨੂੰ ਉਸ ਸਮੇਂ ਸ਼ੁਰੂ ਹੋਈ, ਜਦੋਂ ਪੀੜਤ ਔਰਤ ਨੂੰ ਇਕ ਅਣਪਛਾਤੇ ਨੰਬਰ ਤੋਂ ਵਟਸਐਪ ’ਤੇ ਧਮਕੀ ਭਰੇ ਸੰਦੇਸ਼ ਅਤੇ ਵੌਇਸ ਮੈਸੇਜ ਮਿਲਣੇ ਸ਼ੁਰੂ ਹੋਏ। ਔਰਤ ਤੋਂ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ, ਹਾਲਾਂਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਰਕਮ ਮੰਗੀ ਗਈ ਸੀ।
ਪੁਲਿਸ ਦੇ ਅਨੁਸਾਰ ਮੁਲਜ਼ਮਾਂ ਕੋਲ ਪੀੜਤ ਔਰਤ ਦਾ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਨਾਲ ਸਬੰਧਤ ਨਿੱਜੀ ਜਾਣਕਾਰੀ ਪਹਿਲਾਂ ਤੋਂ ਮੌਜੂਦ ਸੀ। ਧਮਕੀ ਭਰੇ ਸੰਦੇਸ਼ ਮਿਲਣ ਤੋਂ ਕਰੀਬ 12 ਘੰਟਿਆਂ ਬਾਅਦ ਹਮਲਾਵਰਾਂ ਨੇ ਔਰਤ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਵਾਹਨ ਵਿੱਚ ਫਰਾਰ ਹੋ ਗਏ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ।
ਕੈਲਗਰੀ ਪੁਲਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਸ਼ਹਿਰ ਵਿੱਚ ਫਿਰੌਤੀ ਨਾਲ ਸਬੰਧਤ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 19 ਮਾਮਲੇ ਸਿੱਧੇ ਤੌਰ ’ਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ। ਪੁਲਿਸ ਵੱਲੋਂ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ 19 ਮੁਲਜ਼ਮਾਂ ਖ਼ਿਲਾਫ਼ 59 ਵੱਖ-ਵੱਖ ਦੋਸ਼ ਲਗਾਏ ਜਾ ਚੁੱਕੇ ਹਨ।
ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਜਾਂ ਧਮਕੀਆਂ ਨਾਲ ਸਬੰਧਤ ਕੋਈ ਕਾਲ, ਵਟਸਐਪ ਮੈਸੇਜ ਜਾਂ ਹੋਰ ਸੰਦੇਸ਼ ਮਿਲਦਾ ਹੈ ਤਾਂ ਘਬਰਾਹਟ ਵਿੱਚ ਪੈਸੇ ਨਾ ਦੇਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਗੋਲੀਬਾਰੀ ਤੇ ਫਿਰੌਤੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH