ਆਪ ਵਿਧਾਇਕ 'ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼
ਲੁਧਿਆਣਾ, 15 ਸਤੰਬਰ (ਹਿੰ.ਸ.)| ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਧਾਇਕ ''ਤੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹਾਲਾਂਕਿ
ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ


ਲੁਧਿਆਣਾ, 15 ਸਤੰਬਰ (ਹਿੰ.ਸ.)| ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਧਾਇਕ 'ਤੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹਾਲਾਂਕਿ ਵਿਧਾਇਕ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਡਰਾਈਵਰ ਤੋਂ ਵਾਹਨ ਦੀ ਚਾਬੀ ਲੈਣ ਲਈ ਹੱਥ ਅੱਗੇ ਕੀਤਾ ਸੀ।

ਵਾਇਰਲ ਵੀਡੀਓ ਵਿੱਚ ਵਿਧਾਇਕ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਦਿਖਾਈ ਦੇ ਰਹੀ ਹੈ। ਦੋਸ਼ ਹੈ ਕਿ ਟਰੱਕ ਡਰਾਈਵਰ ਨੇ ਵੀ.ਆਈ.ਪੀ. ਗੱਡੀ ਨੂੰ ਰਸਤਾ ਦੇਣ ਵਿੱਚ ਕੁਝ ਸਮਾਂ ਲਗਾਇਆ, ਜਿਸ ਤੋਂ ਬਾਅਦ ਟਰੱਕ ਨੂੰ ਰੁਕਵਾਇਆ ਗਿਆ। ਇਸ ਮਗਰੋਂ ਵਿਧਾਇਕ ਆਪਣੀ ਗੱਡੀ ਤੋਂ ਉਤਰ ਕੇ ਟਰੱਕ ਡਰਾਈਵਰ ਕੋਲ ਪਹੁੰਚੀ।

ਵੀਡੀਓ ਵਿੱਚ ਵਿਧਾਇਕ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਹਿੰਦੀ ਨਜ਼ਰ ਆ ਰਹੀ ਹੈ ਅਤੇ ਦੋਵਾਂ ਵਿਚਾਲੇ ਬਹਿਸ ਹੁੰਦੀ ਵੀ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਵਿਧਾਇਕ ਵੱਲੋਂ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਲਗਾਏ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਜਿਸ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ।

ਰਾਜਿੰਦਰ ਪਾਲ ਕੌਰ ਛੀਨਾ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਇਹ ਘਟਨਾ ਡਾਬਾ ਰੋਡ ਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਉਹ ਪਹਿਲਾਂ ਹੀ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਕੋਲ ਮਾਮਲਾ ਉਠਾ ਚੁੱਕੇ ਹਨ।

ਵਿਧਾਇਕ ਮੁਤਾਬਕ ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਸਬੰਧਤ ਟਰੱਕ ਡਰਾਈਵਰ ਤੇਜ਼ ਅਤੇ ਲਾਪਰਵਾਹੀ ਨਾਲ ਵਾਹਨ ਚਲਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵੱਲੋਂ ਘਟਨਾ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਛੀਨਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਡਰਾਈਵਰ ਨੂੰ ਥੱਪੜ ਨਹੀਂ ਮਾਰਿਆ, ਸਗੋਂ ਵਾਹਨ ਦੀ ਚਾਬੀ ਲੈਣ ਲਈ ਹੱਥ ਅੱਗੇ ਕੀਤਾ ਸੀ।

ਵਿਧਾਇਕ ਨੇ ਦੱਸਿਆ ਕਿ ਬਾਅਦ ਵਿੱਚ ਟਰੱਕ ਡਰਾਈਵਰ ਅਤੇ ਵਾਹਨ ਦੀ ਚਾਬੀ ਡਾਬਾ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਕਾਫ਼ੀ ਤੰਗ ਹਨ ਅਤੇ ਇਨ੍ਹਾਂ 'ਤੇ ਤੇਜ਼ ਰਫ਼ਤਾਰ ਨਾਲ ਭਾਰੀ ਵਾਹਨ ਚਲਾਉਣਾ ਰਾਹਗੀਰਾਂ ਲਈ ਖ਼ਤਰਨਾਕ ਹੋ ਸਕਦਾ ਹੈ। ਫਿਲਹਾਲ ਵਾਇਰਲ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਜਾਰੀ ਹੈ, ਜਦਕਿ ਵਿਧਾਇਕ ਵੱਲੋਂ ਆਪਣੇ ਉੱਪਰ ਲਗਾਏ ਗਏ ਥੱਪੜ ਮਾਰਨ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande