ਪੀਜੀ ’ਚ ਪੱਖੇ ਨਾਲ ਫਾਹਾ ਲੈ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ, ਮੂੰਹ ’ਤੇ ਸੱਟਾਂ ਦੇ ਨਿਸ਼ਾਨ
ਲੁਧਿਆਣਾ, 15 ਸਤੰਬਰ (ਹਿੰ.ਸ.)| ਲੁਧਿਆਣਾ ਦੇ ਥਰੀਕੇ ਇਲਾਕੇ ਵਿੱਚ ਸਥਿਤ ਇੱਕ ਪੀਜੀ ਵਿੱਚ ਰਹਿ ਰਹੀ ਮਹਿਲਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਮੋਗਾ ਦੇ ਨਿਹਾਲ ਸਿੰਘ ਵਾਲਾ ਵਾਸੀ ਚਰਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ। ਘਟਨਾ ਤੋਂ
ਪੀਜੀ ’ਚ ਪੱਖੇ ਨਾਲ ਫਾਹਾ ਲੈ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ, ਮੂੰਹ ’ਤੇ ਸੱਟਾਂ ਦੇ ਨਿਸ਼ਾਨ


ਲੁਧਿਆਣਾ, 15 ਸਤੰਬਰ (ਹਿੰ.ਸ.)| ਲੁਧਿਆਣਾ ਦੇ ਥਰੀਕੇ ਇਲਾਕੇ ਵਿੱਚ ਸਥਿਤ ਇੱਕ ਪੀਜੀ ਵਿੱਚ ਰਹਿ ਰਹੀ ਮਹਿਲਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਮੋਗਾ ਦੇ ਨਿਹਾਲ ਸਿੰਘ ਵਾਲਾ ਵਾਸੀ ਚਰਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ। ਘਟਨਾ ਤੋਂ ਪਹਿਲਾਂ ਉਸ ਦਾ ਪੀਜੀ ਵਿੱਚ ਰਹਿੰਦੇ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਬਾਅਦ ਮਹਿਲਾ ਵੱਲੋਂ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈਣ ਦੀ ਜਾਣਕਾਰੀ ਹੈ।

ਆਸ-ਪਾਸ ਦੇ ਲੋਕਾਂ ਮੁਤਾਬਕ ਚਰਨਪ੍ਰੀਤ ਕੌਰ ਉਸੇ ਪੀਜੀ ਵਿੱਚ ਰਹਿੰਦੇ ਇੱਕ ਨੌਜਵਾਨ ਨੂੰ ਜਾਣਦੀ ਸੀ। ਸੋਮਵਾਰ ਦੇਰ ਰਾਤ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ। ਤਕਰਾਰ ਤੋਂ ਬਾਅਦ ਨੌਜਵਾਨ ਆਪਣੇ ਕਮਰੇ ਵਿੱਚ ਚਲਾ ਗਿਆ, ਜਦਕਿ ਕੁਝ ਸਮੇਂ ਬਾਅਦ ਚਰਨਪ੍ਰੀਤ ਕੌਰ ਨੇ ਪੱਖੇ ਨਾਲ ਫਾਹਾ ਲੈ ਲਿਆ।

ਰਾਤ ਕਰੀਬ 12:30 ਵਜੇ ਨੌਜਵਾਨ ਵਾਪਸ ਆਇਆ ਅਤੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਰੌਲਾ ਪੈਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਖਿੜਕੀ ਰਾਹੀਂ ਅੰਦਰ ਦੇਖਿਆ ਗਿਆ ਤਾਂ ਮਹਿਲਾ ਪੱਖੇ ਨਾਲ ਲਟਕ ਰਹੀ ਸੀ।

ਸਥਾਨਕ ਲੋਕਾਂ ਮੁਤਾਬਕ ਮਹਿਲਾ ਦੇ ਮੂੰਹ ’ਤੇ ਨੀਲ ਪਏ ਹੋਏ ਸਨ ਅਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਸਨ। ਇਸ ਕਾਰਨ ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੁਦਕੁਸ਼ੀ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਹੋਈ ਹੋ ਸਕਦੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਪੁਲਿਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਮਹਿਲਾ ਨੂੰ ਹੇਠਾਂ ਉਤਾਰਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਜਾਂਚ ਅਧਿਕਾਰੀ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਉੱਥੇ ਨਾ ਤਾਂ ਮ੍ਰਿਤਕਾ ਦੀ ਲਾਸ਼ ਸੀ ਅਤੇ ਨਾ ਹੀ ਸਬੰਧਤ ਨੌਜਵਾਨ ਮੌਜੂਦ ਸੀ। ਬਾਅਦ ਵਿੱਚ ਪਤਾ ਲੱਗਾ ਕਿ ਲਾਸ਼ ਨੂੰ ਸੀਐੱਮਸੀ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਨੇ ਲਾਸ਼ ਨੂੰ ਸੀਐੱਮਸੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪੀਜੀ ਮਾਲਕ ਤੋਂ ਉੱਥੇ ਰਹਿੰਦੇ ਸਾਰੇ ਕਿਰਾਏਦਾਰਾਂ ਦਾ ਰਿਕਾਰਡ ਵੀ ਮੰਗਿਆ ਹੈ। ਅਧਿਕਾਰੀਆਂ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande