
ਚੰਡੀਗੜ੍ਹ, 19 ਸਤੰਬਰ (ਹਿੰ.ਸ.)। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਨੀਵਾਰ ਨੂੰ ਪੰਜਾਬ ਦੌਰੇ ’ਤੇ ਹੋਣਗੇ। ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦੂਜੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਰਵਾਨਾ ਕਰਨਗੇ। ਉਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਭਾਜਪਾ 18 ਤੋਂ 30 ਸਤੰਬਰ ਤੱਕ ਪੰਜਾਬ ਵਿੱਚ ਚਾਰ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦਾ ਆਯੋਜਨ ਕਰ ਰਹੀ ਹੈ। ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਨਿਤਿਨ ਨਬੀਨ ਨੇ ਨਸ਼ਿਆਂ ਖਿਲਾਫ਼ ਫੈਸਲਾਕੁੰਨ ਲੜਾਈ, ਲੜਨ ਦਾ ਸੱਦਾ ਦਿੱਤਾ। ਇਸੇ ਕ੍ਰਮ ’ਚ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਤੋਂ ਦੂਜੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਗੁਰਦੁਆਰਾ ਸ਼੍ਰੀ ਜੋਤੀ ਸਵਰੂਪ, ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ, ਉਹ ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਦੁਪਹਿਰ ਨੂੰ ਪੁਰਾਣੀ ਦਾਣਾ ਮੰਡੀ ਸਰਹਿੰਦ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਜਲੰਧਰ ਵਿੱਚ ਸਮਾਪਤ ਹੋਣ ਤੋਂ ਪਹਿਲਾਂ ਇਹ ਯਾਤਰਾ ਵਿਧਾਨ ਸਭਾ ਹਲਕਿਆਂ ਸਮਰਾਲਾ, ਪਾਇਲ, ਖੰਨਾ, ਅਮਲੋਹ, ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਡੇਰਾਬਸੀ, ਐਸ.ਏ.ਐਸ.ਨਗਰ, ਖਰੜ, ਚਮਕੌਰ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ 'ਨਸ਼ਾ ਮੁਕਤ ਪੰਜਾਬ ਯਾਤਰਾ' ਸਬੰਧੀ ਸ਼ੁੱਕਰਵਾਰ ਨੂੰ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਕੱਲ੍ਹ, ਪੰਜਾਬ ਨਸ਼ਾ ਮੁਕਤ ਪੰਜਾਬ, ਨਸ਼ਾ ਮੁਕਤ ਭਾਰਤ ਮੁਹਿੰਮ ਵਿੱਚ ਸ਼ਾਮਲ ਹੋਵਾਂਗੇ। ਪੰਜਾਬ ਦੇ ਨੌਜਵਾਨਾਂ ਨੂੰ ਮੌਕਿਆਂ ਦੀ ਲੋੜ ਹੈ, ਨਸ਼ਿਆਂ ਦੀ ਨਹੀਂ। ਉਨ੍ਹਾਂ ਦੇ ਪਰਿਵਾਰਾਂ ਨੂੰ ਉਮੀਦ ਦੀ ਲੋੜ ਹੈ, ਨਾ ਕਿ ਇੱਕ ਹੋਰ ਪੀੜ੍ਹੀ ਨੂੰ ਗੁਆਉਣ ਦੇ ਡਰ ਦੀ। ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਵਾਅਦਿਆਂ ਅਤੇ ਨਾਅਰਿਆਂ ਤੱਕ ਸੀਮਤ ਨਹੀਂ ਰਹਿ ਸਕਦੀ। ਇਸ ਲਈ ਦ੍ਰਿੜਤਾ ਅਤੇ ਜ਼ਮੀਨੀ ਕਾਰਵਾਈ ਦੀ ਲੋੜ ਹੈ।‘‘ ਉਨ੍ਹਾਂ ਅੱਗੇ ਲਿਖਿਆ ‘‘ਪ੍ਰਧਾਨ ਮੰਤਰੀ @narendramodi ਜੀ ਦੇ ਨਸ਼ਾ ਮੁਕਤ ਭਾਰਤ ਦੇ ਸੱਦੇ ਨੂੰ ਹੁਣ ਇੱਕ ਜਨ ਅੰਦੋਲਨ ਬਣਨਾ ਚਾਹੀਦਾ ਹੈ, ਜੋ ਹਰ ਪਿੰਡ, ਹਰ ਮੁਹੱਲੇ ਅਤੇ ਹਰ ਘਰ ਤੱਕ ਪਹੁੰਚੇ।‘‘
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ