
ਗੁਰਦਾਸਪੁਰ, 20 ਸਤੰਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਪੰਜਾਬ ਨਸ਼ਾ ਮੁਕਤ ਯਾਤਰਾ’ ਦੇ ਤੀਜੇ ਦਿਨ ਗੁਰਦਾਸਪੁਰ ਦੇ ਹਨੂਮਾਨ ਚੌਂਕ ਵਿਖੇ ਰੈਲੀ ਕਰਵਾਈ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਇਸ ਮੁਹਿੰਮ ਨੂੰ ਲੋਕ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ।ਲਾਲਪੁਰਾ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੇ ਅਨੇਕਾਂ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਯਾਤਰਾ ਨੂੰ ਆਮ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਕਾਰਨ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਬੌਖਲਾ ਗਈ ਹੈ ਅਤੇ ਯਾਤਰਾ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਯਾਤਰਾ ਕਿਸੇ ਸਿਆਸੀ ਪ੍ਰੋਗਰਾਮ ਦੀ ਬਜਾਏ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਹੈ।ਉਨ੍ਹਾਂ ਆਮ ਆਦਮੀ ਪਾਰਟੀ ’ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਸਬੰਧੀ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ। ਲਾਲਪੁਰਾ ਨੇ ਕਿਹਾ ਕਿ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰਵਾਦ ਅਤੇ ਅਪਰਾਧ ਵੀ ਪੰਜਾਬ ਲਈ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਸੁਰੱਖਿਅਤ, ਨਸ਼ਾ ਮੁਕਤ ਅਤੇ ਵਿਕਸਤ ਬਣਾਉਣ ਲਈ ‘ਡਬਲ ਇੰਜਣ ਸਰਕਾਰ’ ਦੇ ਸੰਕਲਪ ਨਾਲ ਅੱਗੇ ਵੱਧ ਰਹੀ ਹੈ।ਯਾਤਰਾ ਦੇ ਕੋਆਰਡੀਨੇਟਰ ਅਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਗੰਭੀਰ ਸਮਾਜਿਕ ਚੁਣੌਤੀ ਹੈ ਅਤੇ ਇਸ ਵਿਰੁੱਧ ਹਰ ਵਰਗ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਇਸ ਦੀ ਜੜ੍ਹ ਤੱਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਭਾਜਪਾ ਦਾ ਸੰਕਲਪ ਹੈ। ਉਨ੍ਹਾਂ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ।‘ਨਸ਼ਾ ਮੁਕਤ ਯਾਤਰਾ’ ਟਿੱਬਰ, ਲੱਖ ਦਾਤਾ ਦਰਬਾਰ ਕਾਦੀਆਂ, ਹਰਚੋਵਾਲ, ਸ੍ਰੀ ਹਰਗੋਬਿੰਦਪੁਰ ਅਤੇ ਅਚਲ ਸਾਹਿਬ ਤੋਂ ਹੁੰਦੀ ਹੋਈ ਸ਼ਾਮ ਨੂੰ ਬਟਾਲਾ ਵਿਖੇ ਵਿਸ਼ਰਾਮ ਕਰੇਗੀ। ਇਸ ਮੌਕੇ ਸੂਰਜ ਭਾਰਦਵਾਜ, ਅੰਕੁਸ਼ ਮਹਾਜਨ, ਰਾਜੇਸ਼ ਹਨੀ, ਰਿੱਕੀ, ਰੋਹਿਤ ਮਹਾਜਨ ਅਤੇ ਪ੍ਰਵੀਨ ਕੁਮਾਰ ਸਮੇਤ ਭਾਜਪਾ ਦੇ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH