
ਲੁਧਿਆਣਾ, 20 ਸਤੰਬਰ (ਹਿੰ.ਸ.)| ਲੁਧਿਆਣਾ ਦੇ ਪਿੰਡ ਕੁਲਿਏਵਾਲ ਵਿੱਚ ਨਵੇਂ ਮਕਾਨ ਦੀ ਖੁਸ਼ੀ ਵਿੱਚ ਚੱਲ ਰਹੀ ਪਾਰਟੀ ਦੌਰਾਨ ਹਥਿਆਰਬੰਦ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਦੀ ਰੰਜਿਸ਼ ਕਾਰਨ ਕਰੀਬ 15 ਤੋਂ 20 ਹਥਿਆਰਬੰਦ ਹਮਲਾਵਰਾਂ ਨੇ ਪਹਿਲਾਂ ਕ੍ਰੇਨ ਦੀ ਮਦਦ ਨਾਲ ਮਕਾਨ ਦੀ ਕੰਧ ਢਾਹੀ ਅਤੇ ਇਸ ਤੋਂ ਬਾਅਦ ਪਾਰਟੀ ਕਰ ਰਹੇ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜਦਕਿ ਇੱਕ ਸਕਾਰਪੀਓ ਗੱਡੀ ਵੀ ਗੋਲੀਆਂ ਨਾਲ ਨੁਕਸਾਨੀ ਗਈ।
ਘਟਨਾ ਸਬੰਧੀ ਪੁਲਿਸ ਨੇ ਜ਼ਖ਼ਮੀ ਅੰਕੁਸ਼ ਚੋਪੜਾ ਉਰਫ਼ ਸ਼ਾਲੂ ਦੀ ਸ਼ਿਕਾਇਤ ’ਤੇ ਨਾਮਜ਼ਦ ਮੁਲਜ਼ਮਾਂ ਸਮੇਤ ਕਰੀਬ 12 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਘਟਨਾ ਸਥਾਨ ਤੋਂ 18 ਖੋਲ ਵੀ ਮਿਲੇ ਹਨ। ਸ਼ਿਕਾਇਤਕਰਤਾ ਅੰਕੁਸ਼ ਚੋਪੜਾ ਨੇ ਪੁਲਿਸ ਨੂੰ ਦੱਸਿਆ ਕਿ 19 ਸਤੰਬਰ ਦੀ ਰਾਤ ਉਹ ਆਪਣੇ ਦੋਸਤ ਦੇ ਨਵੇਂ ਮਕਾਨ ਬਣਨ ਦੀ ਖੁਸ਼ੀ ਵਿੱਚ ਰਾਜੂ ਡੇਅਰੀ ਫਾਰਮ ਵਿੱਚ ਪਾਰਟੀ ਕਰ ਰਹੇ ਸਨ। ਪਾਰਟੀ ਵਿੱਚ ਕਰੀਬ 10 ਵਿਅਕਤੀ ਮੌਜੂਦ ਸਨ। ਰਾਤ ਕਰੀਬ 12 ਵਜੇ ਬਾਹਰ ਸੜਕ ਵੱਲੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਜਦੋਂ ਪਾਰਟੀ ਵਿੱਚ ਮੌਜੂਦ ਲੋਕ ਕੰਧ ਡਿੱਗਣ ਦਾ ਕਾਰਨ ਦੇਖਣ ਲਈ ਬਾਹਰ ਆਏ ਤਾਂ ਕਥਿਤ ਤੌਰ ’ਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਾਇਰਿੰਗ ਦੌਰਾਨ ਅੰਕੁਸ਼ ਚੋਪੜਾ ਦੀ ਖੱਬੀ ਅੱਖ ਦੇ ਉੱਪਰ ਛਰਰੇ ਲੱਗੇ, ਜਦਕਿ ਉਸ ਦਾ ਦੋਸਤ ਰਾਜਦੀਪ ਸਿੰਘ ਵੀ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਪਾਰਟੀ ਦਾ ਸਾਮਾਨ ਲੈ ਕੇ ਵਾਪਸ ਆ ਰਹੇ ਹਾਕੂ ਦੀਨ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ’ਤੇ ਵੀ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ ਮੌਕੇ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਖ਼ਮੀਆਂ ਨੂੰ ਪਹਿਲਾਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਲਿਜਾਇਆ ਗਿਆ। ਪਰਿਵਾਰ ਵੱਲੋਂ ਹਮਲਾਵਰ ਧਿਰ ਤੋਂ ਖ਼ਤਰਾ ਮਹਿਸੂਸ ਕੀਤੇ ਜਾਣ ਕਾਰਨ ਬਾਅਦ ਵਿੱਚ ਦੋਵਾਂ ਨੂੰ ਮੋਹਾਲੀ ਦੇ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਫਾਇਰਿੰਗ ਜ਼ਮੀਨੀ ਵਿਵਾਦ ਦੀ ਰੰਜਿਸ਼ ਕਾਰਨ ਕੀਤੀ ਗਈ। ਉਸ ਮੁਤਾਬਕ ਹਮਲਾਵਰਾਂ ਕੋਲ ਰਾਈਫਲਾਂ, ਪਿਸਤੌਲਾਂ, ਤਲਵਾਰਾਂ, ਦਾਤਰ ਅਤੇ ਡੰਡੇ ਸਨ।
ਪੁਲਿਸ ਨੇ ਸੁਖਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਜੀਤ ਸਿੰਘ ਸਮੇਤ ਕਰੀਬ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਚੌਕੀ ਤਾਜਪੁਰ ਦੇ ਏਐਸਆਈ ਦੇਵਿੰਦਰ ਪਾਲ ਨੇ ਮੋਹਾਲੀ ਦੇ ਸੋਹਾਣਾ ਹਸਪਤਾਲ ਪਹੁੰਚ ਕੇ ਜ਼ਖ਼ਮੀ ਅੰਕੁਸ਼ ਚੋਪੜਾ ਦੇ ਬਿਆਨ ਦਰਜ ਕੀਤੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH