
ਚੰਡੀਗੜ੍ਹ, 04 ਸਤੰਬਰ (ਹਿੰ.ਸ.)| ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਸਿਹਤ ਸੇਵਾਵਾਂ ਨੂੰ ਹੋਰ ਸੁਖਾਲਾ ਅਤੇ ਲੋਕ-ਕੇਂਦਰਿਤ ਬਣਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਵੱਲੋਂ ਹੁਣ ਯੋਗ ਲਾਭਪਾਤਰੀਆਂ ਨੂੰ ਅਧਿਕਾਰਤ ਪੋਰਟਲ ਰਾਹੀਂ ਆਪਣਾ ਹੈਲਥ ਕਾਰਡ ਡਿਜੀਟਲ ਤੌਰ ’ਤੇ ਡਾਊਨਲੋਡ ਕਰਨ ਦੀ ਸੁਵਿਧਾ ਦਿੱਤੀ ਗਈ ਹੈ।
ਇਸ ਨਵੀਂ ਸੁਵਿਧਾ ਨਾਲ ਲਾਭਪਾਤਰੀਆਂ ਨੂੰ ਹੈਲਥ ਕਾਰਡ ਦੀ ਕਾਪੀ ਲੈਣ ਲਈ ਕਿਸੇ ਕੇਂਦਰ ’ਤੇ ਜਾਣ ਦੀ ਲੋੜ ਨਹੀਂ ਪਵੇਗੀ। ਲਾਭਪਾਤਰੀ ਆਪਣਾ ਕਾਰਡ ਮੋਬਾਈਲ ਫੋਨ ’ਤੇ ਸੁਰੱਖਿਅਤ ਰੱਖ ਸਕਦੇ ਹਨ ਜਾਂ ਲੋੜ ਪੈਣ ’ਤੇ ਇਸ ਦੀ ਪ੍ਰਿੰਟ ਕੀਤੀ ਕਾਪੀ ਵੀ ਵਰਤ ਸਕਦੇ ਹਨ। ਹੈਲਥ ਕਾਰਡ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਲਾਭਪਾਤਰੀ ਨੂੰ ਆਪਣੀ ਫੈਮਿਲੀ ਆਈਡੀ, ਹੈਲਥ ਕਾਰਡ ਨੰਬਰ, ਮੋਬਾਈਲ ਨੰਬਰ ਜਾਂ ਆਧਾਰ ਨੰਬਰ ਰਾਹੀਂ ਪਰਿਵਾਰਕ ਰਿਕਾਰਡ ਲੱਭਣਾ ਹੋਵੇਗਾ।
ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ਜਾਂ ਆਧਾਰ ਨਾਲ ਜੁੜੇ ਓਟੀਪੀ ਰਾਹੀਂ ਸੁਰੱਖਿਅਤ ਵੈਰੀਫਿਕੇਸ਼ਨ ਪੂਰੀ ਕਰਨੀ ਹੋਵੇਗੀ। ਸਫ਼ਲ ਪ੍ਰਮਾਣੀਕਰਨ ਤੋਂ ਬਾਅਦ ਵੈਰੀਫਾਈ ਕੀਤਾ ਹੈਲਥ ਕਾਰਡ ਆਨਲਾਈਨ ਦੇਖਿਆ ਜਾ ਸਕੇਗਾ ਅਤੇ ਪੀਡੀਐਫ ਫਾਰਮੈਟ ਵਿੱਚ ਡਾਊਨਲੋਡ ਕੀਤਾ ਜਾ ਸਕੇਗਾ। ਅਧਿਕਾਰੀਆਂ ਮੁਤਾਬਕ ਹੈਲਥ ਕਾਰਡ ਡਾਊਨਲੋਡ ਕਰਨ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਆਪਣੀ ਫੋਟੋ-ਆਧਾਰਿਤ ਵੈਰੀਫਿਕੇਸ਼ਨ ਅਤੇ ਈ-ਕੇਵਾਈਸੀ ਪੂਰੀ ਕਰਨੀ ਲਾਜ਼ਮੀ ਹੈ। ਇਸ ਪ੍ਰਕਿਰਿਆ ਰਾਹੀਂ ਪਰਿਵਾਰ ਦੇ ਮੈਂਬਰਾਂ ਦੀ ਅਪਡੇਟ ਕੀਤੀ ਫੋਟੋ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ।
ਸਿਹਤ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਕਾਰਡ ਡਾਊਨਲੋਡ ਕਰ ਲੈਣਾ ਪ੍ਰਮਾਣੀਕਰਨ ਪ੍ਰਕਿਰਿਆ ਪੂਰੀ ਹੋਣ ਦਾ ਬਦਲ ਨਹੀਂ ਹੈ। ਇਸ ਲਈ ਲਾਭਪਾਤਰੀਆਂ ਨੂੰ ਕਾਰਡ ਡਾਊਨਲੋਡ ਕਰਨ ਤੋਂ ਪਹਿਲਾਂ ਲੋੜੀਂਦੀ ਈ-ਕੇਵਾਈਸੀ ਅਤੇ ਵੈਰੀਫਿਕੇਸ਼ਨ ਯਕੀਨੀ ਬਣਾਉਣੀ ਚਾਹੀਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਕਵਰੇਜ ਦਿੱਤਾ ਜਾਂਦਾ ਹੈ। ਡਿਜੀਟਲ ਹੈਲਥ ਕਾਰਡ ਦੀ ਸੁਵਿਧਾ ਨਾਲ ਇਸ ਯੋਜਨਾ ਦਾ ਲਾਭ ਲੈਣ ਦੀ ਪ੍ਰਕਿਰਿਆ ਹੋਰ ਆਸਾਨ ਹੋਣ ਦੀ ਉਮੀਦ ਹੈ।
ਡਿਜੀਟਲ ਕਾਰਡ ਮੋਬਾਈਲ ਵਿੱਚ ਰੱਖਣ ਨਾਲ ਕਾਗਜ਼ੀ ਕਾਰਵਾਈ ਘਟੇਗੀ ਅਤੇ ਲੋੜ ਪੈਣ ’ਤੇ ਸਿਹਤ ਸੇਵਾਵਾਂ ਦਾ ਲਾਭ ਲੈਂਦੇ ਸਮੇਂ ਕਾਰਡ ਤੁਰੰਤ ਪੇਸ਼ ਕੀਤਾ ਜਾ ਸਕੇਗਾ। ਲਾਭਪਾਤਰੀ ਇਸ ਦੀ ਪ੍ਰਿੰਟ ਕਾਪੀ ਵੀ ਆਪਣੇ ਰਿਕਾਰਡ ਲਈ ਰੱਖ ਸਕਦੇ ਹਨ। ਲਾਭਪਾਤਰੀਆਂ ਨੂੰ ਹੈਲਥ ਕਾਰਡ ਡਾਊਨਲੋਡ ਕਰਨ ਲਈ ਸਿਰਫ਼ ਰਾਜ ਸਿਹਤ ਏਜੰਸੀ, ਪੰਜਾਬ ਦੇ ਅਧਿਕਾਰਤ ਪੋਰਟਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਕਿਸੇ ਵੀ ਅਣਜਾਣ ਵਿਅਕਤੀ ਨਾਲ ਓਟੀਪੀ ਸਾਂਝਾ ਨਾ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ। ਅਧਿਕਾਰਤ ਪੋਰਟਲ ਰਾਹੀਂ ਲਾਭਪਾਤਰੀ ਆਪਣੀ ਯੋਗਤਾ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੈਲਥ ਕਾਰਡ ਆਪਣੇ ਮੋਬਾਈਲ ’ਤੇ ਡਾਊਨਲੋਡ ਕਰ ਸਕਦੇ ਹਨ। ਇਸ ਪਹਿਲ ਦਾ ਉਦੇਸ਼ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਆਸਾਨ, ਤੇਜ਼ ਅਤੇ ਲੋਕ-ਕੇਂਦਰਿਤ ਬਣਾਉਣਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH