ਐਸਐਸਓਸੀ ਮੋਹਾਲੀ ਵੱਲੋਂ ਜੀਸ਼ਾਨ ਅਖ਼ਤਰ ਦੇ ਕਰੀਬੀ ਸਾਥੀ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਮੋਹਾਲੀ, 04 ਸਤੰਬਰ (ਹਿੰ.ਸ.)| ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਵਿਦੇਸ਼ ਵਿੱਚ ਬੈਠੇ ਕਥਿਤ ਗੈਂਗ ਆਪਰੇਟਰ ਜੀਸ਼ਾਨ ਅਖ਼ਤਰ ਦੇ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਪੰਜਾਬ ਵਿੱਚ ਇੱਕ ਕਾਰੋਬਾਰੀ ਦੀ ਰੇਕੀ ਅਤੇ ਨਿਗਰਾਨੀ ਕਰ ਰਿਹਾ ਸੀ। ਜੀਸ਼ਾਨ ਅਖ਼ਤਰ
ਐਸਐਸਓਸੀ ਦੀ ਹਿਰਾਸਤ ’ਚ ਮੁਲਜ਼ਮ।


ਮੋਹਾਲੀ, 04 ਸਤੰਬਰ (ਹਿੰ.ਸ.)| ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਵਿਦੇਸ਼ ਵਿੱਚ ਬੈਠੇ ਕਥਿਤ ਗੈਂਗ ਆਪਰੇਟਰ ਜੀਸ਼ਾਨ ਅਖ਼ਤਰ ਦੇ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਪੰਜਾਬ ਵਿੱਚ ਇੱਕ ਕਾਰੋਬਾਰੀ ਦੀ ਰੇਕੀ ਅਤੇ ਨਿਗਰਾਨੀ ਕਰ ਰਿਹਾ ਸੀ। ਜੀਸ਼ਾਨ ਅਖ਼ਤਰ ਦਾ ਨਾਮ ਬਾਬਾ ਸਿੱਦੀਕੀ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਵਜੋਂ ਸਾਹਮਣੇ ਆ ਚੁੱਕਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਕਰਨ ਉਰਫ਼ ਜੱਸ਼ੀ, ਵਾਸੀ ਸ਼ੰਕਰ ਪੱਟੀ ਠਾਕਰ, ਨਕੋਦਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। SSOC ਨੇ ਉਸ ਕੋਲੋਂ ਗਲੌਕ 9 ਐੱਮਐੱਮ ਪਿਸਤੌਲ, ਦੋ ਮੈਗਜ਼ੀਨ ਅਤੇ ਪੰਜ ਕਾਰਤੂਸ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਐਸਐਸਓਸੀ ਦੀ ਏਆਈਜੀ ਸਿਮਰਤ ਕੌਰ ਮੁਤਾਬਕ ਜਸਕਰਨ ਵਿਦੇਸ਼ ਵਿੱਚ ਬੈਠੇ ਜੀਸ਼ਾਨ ਅਖ਼ਤਰ ਦੇ ਸੰਪਰਕ ਵਿੱਚ ਸੀ ਅਤੇ ਉਸਦੇ ਨਿਰਦੇਸ਼ਾਂ ’ਤੇ ਕਥਿਤ ਤੌਰ ’ਤੇ ਸੰਭਾਵਿਤ ਟਾਰਗੇਟ ਦੀ ਰੇਕੀ ਕਰ ਰਿਹਾ ਸੀ।

ਪੁਲਿਸ ਮੁਤਾਬਕ ਜਸਕਰਨ ਅਤੇ ਜੀਸ਼ਾਨ ਅਖ਼ਤਰ ਇੱਕੋ ਪਿੰਡ ਸ਼ੰਕਰ ਦੇ ਰਹਿਣ ਵਾਲੇ ਹਨ ਅਤੇ ਸਕੂਲ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਮਾਰਚ-ਅਪ੍ਰੈਲ 2026 ਦੌਰਾਨ ਜੀਸ਼ਾਨ ਨੇ ਇੰਸਟਾਗ੍ਰਾਮ ਰਾਹੀਂ ਜਸਕਰਨ ਨਾਲ ਮੁੜ ਸੰਪਰਕ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਆਰਥਿਕ ਮਦਦ ਦੀ ਲੋੜ ਵਿੱਚ ਰਹਿ ਰਹੇ ਜਸਕਰਨ ਨੂੰ ਜੀਸ਼ਾਨ ਨੇ ਆਪਣੇ ਨਿਰਦੇਸ਼ਾਂ ’ਤੇ ਕੰਮ ਕਰਨ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ।

ਪੁਲਿਸ ਅਨੁਸਾਰ ਮਈ 2026 ਵਿੱਚ ਜੀਸ਼ਾਨ ਨੇ ਜਸਕਰਨ ਨੂੰ ਪੰਜਾਬ ਵਿੱਚ ਇੱਕ ਕਾਰੋਬਾਰੀ ਦੀ ਰੇਕੀ ਅਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ। ਕਥਿਤ ਤੌਰ ’ਤੇ ਉਸਨੂੰ ਕਾਰੋਬਾਰੀ ਦੇ ਦਫ਼ਤਰ ਨੇੜੇ ਸੜਕ ਕਿਨਾਰੇ ਮੋਬਾਈਲ ਐਕਸੈਸਰੀਜ਼ ਦਾ ਸਟਾਲ ਲਗਾਉਣ ਲਈ ਕਿਹਾ ਗਿਆ, ਤਾਂ ਜੋ ਉਹ ਆਸਾਨੀ ਨਾਲ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕੇ।

ਐਸਐਸਓਸੀ ਦਾ ਦਾਅਵਾ ਹੈ ਕਿ ਜਸਕਰਨ ਨੇ ਮਈ ਦੇ ਅੰਤ ਤੋਂ ਜੁਲਾਈ ਦੇ ਅੰਤ ਤੱਕ ਸਟਾਲ ਚਲਾਇਆ। ਇਸ ਦੌਰਾਨ ਉਸਨੇ ਮਿਊਜ਼ਿਕ ਸਪੀਕਰ ਵਿੱਚ ਲੁਕਾਏ ਕੈਮਰੇ ਰਾਹੀਂ ਕਾਰੋਬਾਰੀ ਦੀਆਂ ਗਤੀਵਿਧੀਆਂ ਰਿਕਾਰਡ ਕੀਤੀਆਂ ਅਤੇ ਇਹ ਫੁਟੇਜ ਵ੍ਹਾਟਸਐਪ ਰਾਹੀਂ ਜੀਸ਼ਾਨ ਨੂੰ ਭੇਜੀ। ਪੁਲਿਸ ਮੁਤਾਬਕ ਇਸ ਕੰਮ ਦੇ ਬਦਲੇ ਉਸਨੂੰ ਕਰੀਬ 80 ਹਜ਼ਾਰ ਰੁਪਏ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਪੁਲਿਸ ਅਨੁਸਾਰ ਜੀਸ਼ਾਨ ਅਖ਼ਤਰ ਕਥਿਤ ਤੌਰ ’ਤੇ ਕਾਰੋਬਾਰੀ ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ ਅਤੇ ਰੇਕੀ ਦੌਰਾਨ ਜਸਕਰਨ ਦੇ ਲਗਾਤਾਰ ਸੰਪਰਕ ਵਿੱਚ ਸੀ। ਰੇਕੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਜਸਕਰਨ ਨੂੰ ਮੋਹਾਲੀ ਖੇਤਰ ਵਿੱਚ ਇੱਕ ਹੋਰ ਕੰਮ ਸੌਂਪੇ ਜਾਣ ਦਾ ਵੀ ਪੁਲਿਸ ਨੇ ਦਾਅਵਾ ਕੀਤਾ ਹੈ। ਇਸੇ ਦੌਰਾਨ ਉਸਨੂੰ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਇਆ ਗਿਆ।

ਪੁਲਿਸ ਨੇ ਬਰਾਮਦ ਹਥਿਆਰਾਂ, ਮੈਗਜ਼ੀਨਾਂ ਅਤੇ ਕਾਰਤੂਸਾਂ ਨੂੰ ਫੋਰੈਂਸਿਕ ਅਤੇ ਬੈਲਿਸਟਿਕ ਜਾਂਚ ਲਈ ਭੇਜ ਦਿੱਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸਐਸਓਸੀ ਵੱਲੋਂ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande