
ਜਲੰਧਰ, 05 ਸਤੰਬਰ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਲਾਈਟ ਸ਼ੋਅ 6 ਸਤੰਬਰ ਨੂੰ ਸ਼ਾਮ 6 ਵਜੇ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਕਰਵਾਇਆ ਜਾਵੇਗਾ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਸ਼ੁਭੀ ਆਂਗਰਾ ਵੱਲੋਂ ਪ੍ਰੋਗਰਾਮ ਵਾਲੀ ਥਾਂ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਵੱਖ-ਵੱਖ ਵਿਭਾਗਾਂ ਨੂੰ ਡਿਊਟੀਆਂ ਸੌਂਪਣ ਲਈ ਮੀਟਿੰਗ ਕੀਤੀ ਗਈ। ਐਸਡੀਐਮ ਨੇ ਦੱਸਿਆ ਕਿ ਡਰੋਨ ਲਾਈਟ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ, ਦਰਸ਼ਨ ਅਤੇ ਸਦੀਵੀ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਵੇਗਾ।
ਮੀਟਿੰਗ ਦੌਰਾਨ ਸੰਗਤ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਵਾਜਾਈ ਪ੍ਰਬੰਧਨ, ਪਾਰਕਿੰਗ, ਪ੍ਰੋਗਰਾਮ ਸਥਾਨ ਦੀ ਸਫ਼ਾਈ, ਬੈਠਣ ਦੀ ਵਿਵਸਥਾ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ।
ਡਰੋਨ ਸ਼ੋਅ ਤੋਂ ਇਲਾਵਾ ਪ੍ਰਸਿੱਧ ਰਾਗੀ ਜਥੇ ਵੀ ਸ਼ਾਮਲ ਹੋਣਗੇ, ਜੋ ਕੀਰਤਨ ਰਾਹੀਂ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਨਾਲ ਜੋੜਨਗੇ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਆਮ ਸ਼ਰਧਾਲੂਆਂ ਵਜੋਂ ਸ਼ਾਮਲ ਹੋ ਕੇ ਗੁਰੂ ਚਰਨਾਂ ਵਿੱਚ ਸ਼ਰਧਾ ਭੇਟ ਕਰਨਗੀਆਂ।
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸੂਬੇ ਭਰ ਵਿੱਚ ਡਰੋਨ ਸ਼ੋਅ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਣ ਵਾਲੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਅਤੇ ਅਕਾਦਮਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਡੇਰਾ ਸੱਚਖੰਡ ਬੱਲਾਂ ਨੇੜੇ ਕਰੀਬ 11 ਏਕੜ ਰਕਬੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH