ਸ੍ਰੀ ਵਾਲਮੀਕਿ ਤੀਰਥ ਵਿਖੇ ਸਰੋਵਰ ਦੀ ਕਾਰ ਸੇਵਾ ਵਿੱਚ ਹਰਭਜਨ ਸਿੰਘ ਈ.ਟੀ.ਓ. ਨੇ ਲਿਆ ਹਿੱਸਾ
24 ਸਤੰਬਰ ਨੂੰ ਸਰੋਵਰ ਵਿੱਚ ਜਲ ਪ੍ਰਵਾਹ ਨਾਲ ਕਾਰ ਸੇਵਾ ਹੋਵੇਗੀ ਮੁਕੰਮਲ; 17.73 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ ਅੰਮ੍ਰਿਤਸਰ, 05 ਸਤੰਬਰ (ਹਿੰ.ਸ.)| ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸ੍ਰੀ ਵਾਲਮੀਕਿ ਤੀਰਥ ਵਿਖੇ ਪਵਿੱਤਰ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿੱਚ ਸੰਗਤਾਂ ਨਾਲ ਮਿਲ ਕੇ ਹਿ
ਸ੍ਰੀ ਵਾਲਮੀਕਿ ਤੀਰਥ ਵਿਖੇ ਸਰੋਵਰ ਦੀ ਕਾਰ ਸੇਵਾ ਵਿੱਚ ਹਰਭਜਨ ਸਿੰਘ ਈ.ਟੀ.ਓ. ਹਿੱਸਾ ਲੈਂਦੇ ਹੋਏ।


24 ਸਤੰਬਰ ਨੂੰ ਸਰੋਵਰ ਵਿੱਚ ਜਲ ਪ੍ਰਵਾਹ ਨਾਲ ਕਾਰ ਸੇਵਾ ਹੋਵੇਗੀ ਮੁਕੰਮਲ; 17.73 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ

ਅੰਮ੍ਰਿਤਸਰ, 05 ਸਤੰਬਰ (ਹਿੰ.ਸ.)| ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸ੍ਰੀ ਵਾਲਮੀਕਿ ਤੀਰਥ ਵਿਖੇ ਪਵਿੱਤਰ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿੱਚ ਸੰਗਤਾਂ ਨਾਲ ਮਿਲ ਕੇ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਸ੍ਰੀ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋ ਕੇ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਚੇਅਰਮੈਨ ਐਡਵਾਈਜ਼ਰੀ ਬੋਰਡ, ਭਗਵਾਨ ਵਾਲਮੀਕਿ ਤੀਰਥ ਸਥਲ ਸ਼ਰਾਈਨ ਬੋਰਡ, ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਅਤੇ ਹੋਰ ਸੰਤਾਂ-ਮਹਾਂਪੁਰਸ਼ਾਂ ਦੇ ਸਹਿਯੋਗ ਨਾਲ 4 ਜੁਲਾਈ ਨੂੰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੀਆਂ ਹਨ।

ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸਰੋਵਰ ਦੇ ਪੱਧਰ ਨੂੰ ਸਮਤਲ ਕਰਨ ਦਾ ਕੰਮ ਜਾਰੀ ਹੈ ਅਤੇ ਇਸ ਵਿੱਚ 12 ਤੋਂ 14 ਇੰਚ ਰੇਤ ਦੀ ਨਵੀਂ ਪਰਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 24 ਸਤੰਬਰ 2026 ਨੂੰ ਸਰੋਵਰ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ, ਜਿਸ ਨਾਲ ਕਾਰ ਸੇਵਾ ਦਾ ਕੰਮ ਮੁਕੰਮਲ ਹੋਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਸ੍ਰੀ ਵਾਲਮੀਕਿ ਤੀਰਥ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਮੰਤਰੀ ਨੇ ਦੱਸਿਆ ਕਿ ਸ੍ਰੀ ਵਾਲਮੀਕਿ ਤੀਰਥ ਵਿਖੇ 17 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਸਰੋਵਰ ਦੀਆਂ ਪੌੜੀਆਂ ਦੀ ਪੇਂਟਿੰਗ ਸਮੇਤ ਹੋਰ ਵਿਕਾਸ ਕਾਰਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੀਰਥ ਸਥਲ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 26 ਅਕਤੂਬਰ 2026 ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ੍ਰੀ ਵਾਲਮੀਕਿ ਤੀਰਥ ਵਿਖੇ ਵੱਡੇ ਪੱਧਰ ’ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਇਸ ਮੌਕੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਕਾਰ ਸੇਵਾ ਵਿੱਚ ਸਹਿਯੋਗ ਦੇ ਰਹੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਗਟ ਦਿਵਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਉਤਸਵ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇਸ ਮੌਕੇ ਬਾਲਾ ਮਲਕੀਤ ਨਾਥ, ਬਾਬਾ ਗਿਰਧਾਰੀ ਨਾਥ, ਬਾਬਾ ਸੇਵਕ ਨਾਥ, ਜਨਰਲ ਮੈਨੇਜਰ ਭਗਵਾਨ ਵਾਲਮੀਕਿ ਤੀਰਥ ਸਥਲ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਪਵਨ ਹੰਸ, ਪਵਨ ਦਰਾਵਿਡ, ਡਾ. ਕਿਤੂ ਗਰੇਵਾਲ, ਐਕਸੀਅਨ ਦਿਲਬਾਗ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande