ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 9 ਸਤੰਬਰ ਦੇ ਸਮਾਗਮ ਦਾ ਸੱਦਾ
ਚੰਡੀਗੜ੍ਹ, 05 ਸਤੰਬਰ (ਹਿੰ.ਸ.)| ਪਿੰਡ ਤਲਵੰਡੀ ਸਲੇਮ ਵਿੱਚ ਅਵਤਾਰ ਪਾਸ਼ ਅਤੇ ਹੰਸ ਰਾਜ ਦੀ ਸ਼ਹੀਦੀ ਯਾਦ ਵਿੱਚ ਬਣੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕਥਿਤ ਕੋਸ਼ਿਸ਼ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਖ਼ਤ ਨਿਖੇਧੀ ਕੀਤੀ ਹੈ। ਸਭਾ ਨੇ ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵ
ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 9 ਸਤੰਬਰ ਦੇ ਸਮਾਗਮ ਦਾ ਸੱਦਾ


ਚੰਡੀਗੜ੍ਹ, 05 ਸਤੰਬਰ (ਹਿੰ.ਸ.)| ਪਿੰਡ ਤਲਵੰਡੀ ਸਲੇਮ ਵਿੱਚ ਅਵਤਾਰ ਪਾਸ਼ ਅਤੇ ਹੰਸ ਰਾਜ ਦੀ ਸ਼ਹੀਦੀ ਯਾਦ ਵਿੱਚ ਬਣੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕਥਿਤ ਕੋਸ਼ਿਸ਼ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਖ਼ਤ ਨਿਖੇਧੀ ਕੀਤੀ ਹੈ। ਸਭਾ ਨੇ ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਚੇਤਨਾ ਵਾਲੇ ਲੋਕਾਂ ਨੂੰ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੇਵਿੰਦਰ ਦੀਪ ਸਿੰਘ ਨੇ ਜਾਰੀ ਬਿਆਨ ਵਿੱਚ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਅਤੇ ਉਸ ਦੇ ਹਮਾਇਤੀਆਂ ਵੱਲੋਂ ਯਾਦਗਾਰੀ ਕੰਪਲੈਕਸ ਵਿੱਚ ਓਪਨ ਜਿਮ ਲਗਾਉਣ, ਯਾਦਗਾਰ ਦੇ ਤਾਲੇ ਤੋੜਨ ਅਤੇ ਇੱਕ ਗੇਟ ਦਾ ਪੱਲਾ ਲਾਹ ਕੇ ਲਿਜਾਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ, ਮਜ਼ਦੂਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਸੰਘਰਸ਼ ਜਾਰੀ ਹੈ।

ਸਭਾ ਆਗੂਆਂ ਅਨੁਸਾਰ ਇਸ ਸਬੰਧੀ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ, ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਯਾਦਗਾਰ ਦੀ ਮੂਲ ਸਥਿਤੀ ਬਹਾਲ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪਾਸ਼ ਪੰਜਾਬ ਦੀ ਇਨਕਲਾਬੀ ਅਤੇ ਜਮਹੂਰੀ ਚੇਤਨਾ ਦਾ ਪ੍ਰਤੀਕ ਹੈ ਅਤੇ ਉਸ ਦੀ ਸ਼ਹਾਦਤ ਨਾਲ ਜੁੜੀ ਯਾਦਗਾਰ ਸੂਬੇ ਦੀ ਇਤਿਹਾਸਕ ਤੇ ਇਨਕਲਾਬੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ। ਇਸ ਲਈ ਇਸ ਦੀ ਸਾਂਭ-ਸੰਭਾਲ ਅਤੇ ਰਾਖੀ ਕਰਨਾ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦੱਸਿਆ ਕਿ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਸਵੇਰੇ 11 ਵਜੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਵਿੱਚ ਨਾਮਵਰ ਵਿਦਵਾਨ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ। ਇਸ ਮੌਕੇ ਡਾ. ਸਵਰਾਜਬੀਰ ਦਾ ਨਵਾਂ ਨਾਟਕ ‘ਅਸੀਂ ਲੜਾਂਗੇ ਸਾਥੀ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ।

ਪਿੰਡ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਸਮਾਗਮ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਸਭਾ ਨੇ ਸਾਹਿਤਕ, ਸਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਜਨਤਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਨੂੰ ਆਪਣਾ ਸਹਿਯੋਗ ਦੇਣ ਅਤੇ ਪਰਿਵਾਰਾਂ ਸਮੇਤ 9 ਸਤੰਬਰ ਨੂੰ ਤਲਵੰਡੀ ਸਲੇਮ ਪਹੁੰਚਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande