
51 ਸੰਸਥਾਵਾਂ ਦੇ 1,000 ਤੋਂ ਵੱਧ ਵਲੰਟੀਅਰਾਂ ਨੇ ਸੜਕਾਂ ਤੋਂ ਚੁੱਕਿਆ ਕੂੜਾ; ਤ੍ਰਿਪੜੀ ਮੁਹਿੰਮ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਹੋਏ ਸ਼ਾਮਲ
ਪਟਿਆਲਾ, 05 ਸਤੰਬਰ (ਹਿੰ.ਸ.)| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੁਹਿੰਮ ਤਹਿਤ ਪਿਛਲੇ 17 ਸਫ਼ਾਈ ਅਭਿਆਨਾਂ ਦੌਰਾਨ 51 ਵੱਖ-ਵੱਖ ਸੰਸਥਾਵਾਂ ਦੇ 1,000 ਤੋਂ ਵੱਧ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ 12 ਮੀਟ੍ਰਿਕ ਟਨ ਤੋਂ ਵੱਧ ਕੂੜਾ ਸਾਫ਼ ਕੀਤਾ ਹੈ।
ਇਸ ਮੁਹਿੰਮ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹਾ ਸਿੱਖਿਆ ਵਿੰਗ ਦੇ ਸਹਿਯੋਗ ਨਾਲ ਤ੍ਰਿਪੜੀ ਵਿਖੇ ਵਿਸ਼ੇਸ਼ ਸੜਕ ਸਫ਼ਾਈ ਮੁਹਿੰਮ ਚਲਾਈ ਗਈ। ਇਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੁਦ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਫ਼ਾਈ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਸਿਹਤ ਮੰਤਰੀ ਨੇ ਪੀਪੀਸੀਬੀ ਅਤੇ ਨਗਰ ਨਿਗਮ ਵੱਲੋਂ ਪਟਿਆਲਾ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਮਾਜ ਨੂੰ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੂੜਾ ਫੈਲਾਉਣ ਵਾਲਿਆਂ, ਜਿਸ ਵਿੱਚ ਰੇਹੜੀ-ਫੜ੍ਹੀ ਵਾਲੇ ਵੀ ਸ਼ਾਮਲ ਹਨ, ਖ਼ਿਲਾਫ਼ ਨਿਯਮਾਂ ਅਨੁਸਾਰ ਚਲਾਨ ਕਰਨ ਦੇ ਨਿਰਦੇਸ਼ ਦਿੱਤੇ।
ਡਾ. ਬਲਬੀਰ ਸਿੰਘ ਨੇ ਸਫ਼ਾਈ ਮੁਹਿੰਮ ਵਿੱਚ ਵਲੰਟੀਅਰ ਵਜੋਂ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਿਰਫ਼ ਆਪਣੇ ਸਕੂਲ ਹੀ ਨਹੀਂ, ਸਗੋਂ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਸਾਫ਼ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਣ ਪੱਖੀ ਆਦਤਾਂ ਅਪਣਾਉਣ ਦੀ ਅਪੀਲ ਕੀਤੀ।
ਪੀਪੀਸੀਬੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਮੁਹਿੰਮ ਸਫ਼ਾਈ ਨੂੰ ਸਿਰਫ਼ ਇੱਕ ਅਸਥਾਈ ਗਤੀਵਿਧੀ ਦੀ ਬਜਾਏ ਨਿਰੰਤਰ ਸਮਾਜਿਕ ਆਦਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਇਸ ਤਹਿਤ ਸਰਕਾਰੀ ਵਿਭਾਗਾਂ, ਸਿੱਖਿਆ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਜਨਤਕ ਥਾਵਾਂ ਦੀ ਸਾਂਝੀ ਜ਼ਿੰਮੇਵਾਰੀ ਨਿਭਾਉਣ ਲਈ ਇਕੱਠਾ ਕੀਤਾ ਜਾ ਰਿਹਾ ਹੈ।
ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ‘ਮਿਸ਼ਨ ਕਲੀਨ ਪਟਿਆਲਾ’ ਦਾ ਉਦੇਸ਼ ਲੋਕਾਂ ਵਿੱਚ ਜਨਤਕ ਸਥਾਨਾਂ ਪ੍ਰਤੀ ਮਲਕੀਅਤ ਅਤੇ ਅਪਣੱਤ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਦਿਆਰਥੀ ਜਨਤਕ ਸੜਕ ਤੋਂ ਕੂੜਾ ਚੁੱਕਦਾ ਹੈ ਤਾਂ ਇਹ ਸਿਰਫ਼ ਸਫ਼ਾਈ ਦੀ ਗਤੀਵਿਧੀ ਨਹੀਂ, ਬਲਕਿ ਨਾਗਰਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੰਭਾਲ ਦਾ ਮਹੱਤਵਪੂਰਨ ਸਬਕ ਵੀ ਹੈ।
ਉਨ੍ਹਾਂ ਕਿਹਾ ਕਿ ਨਿਯਮਤ ਸੜਕ ਸਫ਼ਾਈ ਮੁਹਿੰਮਾਂ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਖ਼ਾਸ ਤੌਰ ’ਤੇ ਨੌਜਵਾਨ ਪੀੜ੍ਹੀ ਵਿੱਚ ਸਥਾਈ ਵਿਵਹਾਰਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਸਫ਼ਾਈ ਅਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਪਰਿਵਾਰਾਂ ਅਤੇ ਸਮਾਜ ਤੱਕ ਪਹੁੰਚ ਸਕੇ।
ਪੀਪੀਸੀਬੀ ਨੇ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਿਹਤ ਮੰਤਰੀ, ਵਿਦਿਆਰਥੀਆਂ, ਅਧਿਆਪਕਾਂ, ਨਗਰ ਨਿਗਮ ਕਰਮਚਾਰੀਆਂ, ਅਧਿਕਾਰੀਆਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਬੋਰਡ ਵੱਲੋਂ ਪਟਿਆਲਾ ਵਿੱਚ ਅਜਿਹੀਆਂ ਕਮਿਊਨਿਟੀ ਆਧਾਰਿਤ ਸਫ਼ਾਈ ਪਹਿਲਕਦਮੀਆਂ ਨੂੰ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH