
ਪਟਿਆਲਾ, 05 ਸਤੰਬਰ (ਹਿੰ.ਸ.)| ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ-ਵੱਖ ਖੇਡਾਂ ਦੇ ਖੇਡ ਵਿੰਗ ਲਈ ਕਰਵਾਏ ਗਏ ਟਰਾਇਲ ਸਫਲਤਾਪੂਰਵਕ ਸੰਪੰਨ ਹੋ ਗਏ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਖੇਡ ਵਿੰਗ ਲਈ 350 ਸੀਟਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਸੀਟਾਂ ਲਈ ਟਰਾਇਲ ਪਟਿਆਲਾ ਦੇ ਫਿਜ਼ੀਕਲ ਕਾਲਜ ਵਿਖੇ ਕਰਵਾਏ ਗਏ।
ਇਨ੍ਹਾਂ ਟਰਾਇਲਾਂ ਵਿੱਚ ਵਾਲੀਬਾਲ, ਬਾਸਕਟਬਾਲ, ਕਬੱਡੀ, ਹਾਕੀ, ਜੂਡੋ, ਟੇਬਲ ਟੈਨਿਸ, ਫੁੱਟਬਾਲ, ਖੋ-ਖੋ, ਅਥਲੈਟਿਕਸ, ਹੈਂਡਬਾਲ, ਆਰਚਰੀ, ਕੁਸ਼ਤੀ, ਤੈਰਾਕੀ, ਜਿਮਨਾਸਟਿਕ, ਲਾਅਨ ਟੈਨਿਸ, ਬਾਕਸਿੰਗ ਅਤੇ ਬੈਡਮਿੰਟਨ ਸਮੇਤ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਪ੍ਰੋ. ਗਿੱਲ ਨੇ ਦੱਸਿਆ ਕਿ ਵੇਟਲਿਫਟਿੰਗ, ਨੈੱਟਬਾਲ, ਫੈਂਸਿੰਗ ਅਤੇ ਸਾਈਕਲਿੰਗ ਆਦਿ ਖੇਡਾਂ ਦੇ ਟਰਾਇਲ ਅਜੇ ਹੋਣੇ ਬਾਕੀ ਹਨ। ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕਰਵਾਏ ਗਏ ਇਨ੍ਹਾਂ ਟਰਾਇਲਾਂ ਵਿੱਚ ਪੰਜਾਬ ਦੇ ਉੱਚ ਕੋਟੀ ਦੇ 532 ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਖਿਡਾਰੀਆਂ ਨੂੰ ਚੰਗੇ ਕੋਚ, ਬਿਹਤਰੀਨ ਖੇਡ ਮੈਦਾਨ, ਆਧੁਨਿਕ ਤਕਨੀਕ ਨਾਲ ਲੈਸ ਜਿਮ, ਸਿਹਤ ਸਹੂਲਤਾਂ ਲਈ ਲੈਬਾਂ, ਖੇਡ ਮਾਹਿਰ ਅਤੇ ਵਧੀਆ ਹੋਸਟਲ ਸਮੇਤ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਯੂਨੀਵਰਸਿਟੀ ਦਾ ਉਦੇਸ਼ ਖਿਡਾਰੀਆਂ ਨੂੰ ਅਜਿਹਾ ਮਾਹੌਲ ਦੇਣਾ ਹੈ, ਜਿਸ ਰਾਹੀਂ ਉਹ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਖੇਡ ਵਿੰਗ ਦੀਆਂ ਸੀਟਾਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਪੰਜਾਬੀ ਖਿਡਾਰੀ ਯੂਨੀਵਰਸਿਟੀ ਦੀਆਂ ਸਹੂਲਤਾਂ ਦਾ ਲਾਭ ਲੈ ਸਕਣ। ਇਸ ਸਮੇਂ 150 ਰੈਜ਼ੀਡੈਂਸ਼ੀਅਲ ਅਤੇ 200 ਡੇ-ਸਕਾਲਰ ਖਿਡਾਰੀ ਖੇਡ ਵਿੰਗ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਅਤੇ ਸਰਵਪੱਖੀ ਵਿਕਾਸ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੈਲੀਫੋਰਨੀਆ, ਅਮਰੀਕਾ ਤੋਂ ਅਟੋਰਨੀ ਐਟ ਲਾਅ ਸ. ਜਸਪ੍ਰੀਤ ਸਿੰਘ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਖਿਡਾਰੀਆਂ ਲਈ ਹਰ ਸਾਲ 50 ਲੱਖ ਰੁਪਏ ਦਾ ਡਾਈਟ ਪਲਾਨ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਖਿਡਾਰੀਆਂ ਨੂੰ ਬਿਹਤਰੀਨ ਅਤੇ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ ਅਤੇ ਯੂਨੀਵਰਸਿਟੀ ਉਨ੍ਹਾਂ ਦੇ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਸ ਮੌਕੇ ਡਾ. ਅਮਰਪ੍ਰੀਤ ਸਿੰਘ, ਡਾਇਰੈਕਟਰ ਆਫ ਸਪੋਰਟਸ, ਪੰਜਾਬ ਸਪੋਰਟਸ ਯੂਨੀਵਰਸਿਟੀ, ਡਾ. ਹਰਮਨਪ੍ਰੀਤ ਕੌਰ, ਪ੍ਰਿੰਸੀਪਲ ਫਿਜ਼ੀਕਲ ਕਾਲਜ, ਡਾ. ਰਣਬੀਰ ਸਿੰਘ, ਪ੍ਰਿੰਸੀਪਲ ਸਪੋਰਟਸ ਕਾਲਜ ਜਲੰਧਰ ਅਤੇ ਡਾ. ਅਰੁਣਾ ਰਾਣੀ, ਪ੍ਰਿੰਸੀਪਲ ਕਾਲਾ ਅਫਗਾਨਾ ਸਮੇਤ ਹੋਰ ਅਧਿਕਾਰੀ ਅਤੇ ਖੇਡ ਮਾਹਿਰ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH