
ਚੰਡੀਗੜ੍ਹ, 07 ਸਤੰਬਰ (ਹਿੰ.ਸ.)| ਜਨਤਕ ਵੰਡ ਪ੍ਰਣਾਲੀ (ਪੀਡੀਐਸ) ਨੂੰ ਹੋਰ ਸੁਚਾਰੂ, ਪਾਰਦਰਸ਼ੀ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਖੇ ਸੈਮੀਨਾਰ ਕਰਵਾਇਆ ਗਿਆ। ‘ਪੀਡੀਐਸ: ਸੁਧਾਰ, ਪਾਰਦਰਸ਼ਤਾ, ਤਕਨਾਲੋਜੀ ਅਤੇ ਪੋਰਟੇਬਿਲਟੀ’ ਵਿਸ਼ੇ ’ਤੇ ਹੋਏ ਸੈਮੀਨਾਰ ਵਿੱਚ ਮਾਹਿਰਾਂ ਅਤੇ ਅਧਿਕਾਰੀਆਂ ਨੇ ਲਾਭਪਾਤਰੀਆਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਚਾਰ ਸਾਂਝੇ ਕੀਤੇ।
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੀਡੀਐਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਮੀਨੀ ਪੱਧਰ ਤੋਂ ਫੀਡਬੈਕ ਲੈਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਿਲਣ ਵਾਲੇ ਸੁਝਾਵਾਂ ’ਤੇ ਢੁਕਵੀਂ ਕਾਰਵਾਈ ਕਰਕੇ ਭਵਿੱਖੀ ਸੁਧਾਰਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਆਂਗਣਵਾੜੀ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਵੀ ਪੀਡੀਐਸ ਪ੍ਰਣਾਲੀ ਦਾ ਅਹਿਮ ਹਿੱਸਾ ਦੱਸਿਆ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ-2013 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ 39.74 ਲੱਖ ਰਾਸ਼ਨ ਕਾਰਡਾਂ ਅਧੀਨ ਲਗਭਗ 1.36 ਕਰੋੜ ਲਾਭਪਾਤਰੀ ਹਨ। ਸੂਬੇ ਵਿੱਚ 14,450 ਉਚਿਤ ਮੁੱਲ ਦੀਆਂ ਦੁਕਾਨਾਂ ਰਾਹੀਂ ਅਨਾਜ ਵੰਡਿਆ ਜਾ ਰਿਹਾ ਹੈ ਅਤੇ ਰਾਸ਼ਨ ਕਾਰਡਾਂ ਦੀ 100 ਫੀਸਦੀ ਆਧਾਰ ਸੀਡਿੰਗ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਪੀਡੀਐਸ ਵਿੱਚ ਡਿਜੀਟਲ ਤਕਨੀਕ ਦੀ ਵਰਤੋਂ ਵਧਾਈ ਗਈ ਹੈ। ਈ-ਪੋਸ ਮਸ਼ੀਨਾਂ ਰਾਹੀਂ ਕਣਕ ਦੀ ਵੰਡ ਲਈ 100 ਫੀਸਦੀ ਬਾਇਓਮੈਟ੍ਰਿਕ ਤਸਦੀਕ ਕੀਤੀ ਜਾ ਰਹੀ ਹੈ, ਜਦਕਿ ਨਵੇਂ ਰਾਸ਼ਨ ਕਾਰਡਾਂ ਲਈ ਈ-ਕੇਵਾਈਸੀ ਲਾਜ਼ਮੀ ਕੀਤੀ ਗਈ ਹੈ। ਜੂਨ 2024 ਤੋਂ ਜੂਨ 2026 ਤੱਕ 1.35 ਕਰੋੜ ਲਾਭਪਾਤਰੀਆਂ ਦੀ ਈ-ਕੇਵਾਈਸੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਇਸ ਤੋਂ ਇਲਾਵਾ FEAST ਪੋਰਟਲ ਰਾਹੀਂ ਮੰਡੀਆਂ ਤੋਂ ਗੋਦਾਮਾਂ ਅਤੇ ਫਿਰ ਡਿਪੂਆਂ ਤੱਕ ਅਨਾਜ ਦੀ ਸਪਲਾਈ ਚੇਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
‘ਮੇਰੀ ਰਸੋਈ’ ਸਕੀਮ ਤਹਿਤ ਮਈ 2026 ਵਿੱਚ ਕਰੀਬ 36.72 ਲੱਖ ਕਿੱਟਾਂ ਵੰਡੀਆਂ ਗਈਆਂ। ਹਰ ਕਿੱਟ ਵਿੱਚ ਦੋ ਕਿਲੋ ਦਾਲ, ਦੋ ਕਿਲੋ ਖੰਡ, ਇੱਕ ਕਿਲੋ ਨਮਕ, 200 ਗ੍ਰਾਮ ਹਲਦੀ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ।
ਸੈਮੀਨਾਰ ਦੌਰਾਨ ਪੀਐਸਐਫਸੀ ਮੈਂਬਰਾਂ ਨੇ ਫੀਲਡ ਦੌਰਿਆਂ ਦੇ ਤਜਰਬੇ ਸਾਂਝੇ ਕੀਤੇ। ਮੈਂਬਰ ਵਿਜੇ ਦੱਤ ਵੱਲੋਂ ਲਾਭਪਾਤਰੀਆਂ ਤੋਂ ਸਿੱਧਾ ਫੀਡਬੈਕ ਲੈਣ ਲਈ ਮਗਸੀਪਾ ਵਿੱਚ ਕੇਂਦਰੀਕ੍ਰਿਤ ਕੰਟਰੋਲ ਐਂਡ ਕਮਾਂਡ ਸੈਂਟਰ ਬਣਾਉਣ ਦਾ ਸੁਝਾਅ ਦਿੱਤਾ ਗਿਆ। ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਇਸ ਨਾਲ ਸਹਿਮਤੀ ਪ੍ਰਗਟਾਉਂਦਿਆਂ ਐਸਐਮਐਸ ਸਹੂਲਤ ਵਾਲਾ ਆਈਵੀਆਰ ਸਿਸਟਮ ਸਥਾਪਤ ਕਰਨ ’ਤੇ ਵੀ ਜ਼ੋਰ ਦਿੱਤਾ।
ਦੂਜੇ ਸੈਸ਼ਨ ਵਿੱਚ ਸਰਕਾਰੀ ਯੋਜਨਾਵਾਂ ਰਾਹੀਂ ਪੋਸ਼ਣ ਸੁਰੱਖਿਆ ਮਜ਼ਬੂਤ ਕਰਨ ’ਤੇ ਚਰਚਾ ਹੋਈ। ਮਾਹਿਰਾਂ ਨੇ ਬੱਚਿਆਂ, ਖ਼ਾਸ ਕਰਕੇ 0 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਉਜਾਗਰ ਕੀਤੀ। ਬਾਇਓ-ਫੋਰਟੀਫਿਕੇਸ਼ਨ, ਭੋਜਨ ਵਿੱਚ ਪ੍ਰੋਟੀਨ ਅਤੇ ਵਿਭਿੰਨਤਾ ਵਧਾਉਣ ਦੇ ਨਾਲ-ਨਾਲ ਸਾਫ਼-ਸੁਥਰੇ ਢੰਗ ਨਾਲ ਭੋਜਨ ਤਿਆਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੇ ਡਿਪੂ ਹੋਲਡਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH