
ਜਲੰਧਰ, 07 ਸਤੰਬਰ (ਹਿੰ.ਸ.)| ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਜਲੰਧਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਜਲੰਧਰ ਪੱਛਮੀ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਮੁਕਾਬਲਿਆਂ ਰਾਹੀਂ ਵੱਡੀ ਗਿਣਤੀ ਵਿੱਚ ਨੌਜਵਾਨ ਖੇਡ ਮੈਦਾਨਾਂ ਨਾਲ ਜੁੜ ਰਹੇ ਹਨ ਅਤੇ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।
ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਖੇਡਾਂ ਦੇ ਖੇਤਰ ਵਿੱਚ ਨਵਾਂ ਦੌਰ ਸ਼ੁਰੂ ਹੋਇਆ ਹੈ। ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡ ਪੱਧਰ ਤੱਕ ਖੇਡ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਖੇਡ ਤਿਆਰੀ ਲਈ ਵਿੱਤੀ ਸਹਾਇਤਾ ਦੇਣ ਦੇ ਨਾਲ ਕੌਮਾਂਤਰੀ ਪੱਧਰ ’ਤੇ ਉਪਲਬਧੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਮੰਤਰੀ ਨੇ ਐਥਲੈਟਿਕਸ ਕੋਚਿੰਗ ਸੈਂਟਰ ਸਪੋਰਟਸ ਸਕੂਲ ਦੇ ਖਿਡਾਰੀ ਗੁਰਿੰਦਰਬੀਰ ਸਿੰਘ, 100 ਮੀਟਰ ਦੌੜ, ਅਤੇ ਰਸ਼ਦੀਪ ਕੌਰ, 4x100 ਮੀਟਰ ਰਿਲੇਅ, ਨੂੰ ਏਸ਼ੀਅਨ ਗੇਮਾਂ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਵਾਲੀਬਾਲ ਦੇ ਸ਼ੋਅ ਮੈਚ ਦਾ ਉਦਘਾਟਨ ਵੀ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਹਿਲੇ ਦਿਨ ਜਲੰਧਰ ਪੱਛਮੀ ਸਮੇਤ ਨੂਰਮਹਿਲ, ਨਕੋਦਰ, ਲੋਹੀਆਂ, ਸ਼ਾਹਕੋਟ ਅਤੇ ਮਹਿਤਪੁਰ ਬਲਾਕਾਂ ਵਿੱਚ ਅਥਲੈਟਿਕਸ, ਵਾਲੀਬਾਲ, ਕਬੱਡੀ, ਖੋ-ਖੋ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਖੇਡ ਕੋਚਾਂ ਅਤੇ ਅਧਿਕਾਰੀਆਂ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH