
ਚੰਡੀਗੜ੍ਹ, 07 ਸਤੰਬਰ (ਹਿੰ.ਸ.)| ਕੇਂਦਰੀ ਪੰਜਾਬੀ ਲੇਖਕ ਸਭਾ ਦੀ ਤਿੰਨ ਸਾਲਾ ਚੋਣ 25 ਅਕਤੂਬਰ 2026 ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸਭਾ ਦਾ ਤਿੰਨ ਸਾਲਾ ਇਜਲਾਸ 13 ਸਤੰਬਰ ਨੂੰ ਇਸੇ ਸਥਾਨ ’ਤੇ ਹੋਵੇਗਾ। ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੀਆਂ ਜਥੇਬੰਦਕ ਅਤੇ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਦੇ ਨਾਲ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ।
ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਜਮਹੂਰੀ ਢੰਗ ਨਾਲ ਕਰਵਾਉਣ ਲਈ ਲਖਵਿੰਦਰ ਸਿੰਘ ਜੌਹਲ ਨੂੰ ਮੁੱਖ ਚੋਣ ਅਧਿਕਾਰੀ ਅਤੇ ਸਤਨਾਮ ਸਿੰਘ ਮਾਣਕ ਤੇ ਤੇਜਿੰਦਰ ਵਿਰਲੀ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਇਹ ਫ਼ੈਸਲਾ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕੀਤੀ।
13 ਸਤੰਬਰ ਦੇ ਇਜਲਾਸ ਵਿੱਚ ਜਨਰਲ ਸਕੱਤਰ ਵੱਲੋਂ ਸਭਾ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਆਮਦਨ-ਖ਼ਰਚ ਦਾ ਵੇਰਵਾ ਮੈਂਬਰਾਂ ਸਾਹਮਣੇ ਰੱਖਿਆ ਜਾਵੇਗਾ। ਇਸ ਮੌਕੇ ਪ੍ਰੋ. ਜੈਪਾਲ ‘ਸਮਕਾਲ ਵਿੱਚ ਲੇਖਕਾਂ, ਚਿੰਤਕਾਂ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਮੁੱਖ ਵਕਤਾ ਵਜੋਂ ਸੰਬੋਧਨ ਕਰਨਗੇ। ਸਭਾ ਅਨੁਸਾਰ 25 ਅਕਤੂਬਰ ਦੀ ਚੋਣ ਵਿੱਚ ਦੇਸ਼-ਵਿਦੇਸ਼ ਦੀਆਂ ਸਬੰਧਿਤ ਸਾਹਿਤਕ ਸੰਸਥਾਵਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਹਿੱਸਾ ਲੈਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH