ਪਟਿਆਲਾ 20 ਨਵੰਬਰ (ਹਿੰ. ਸ.)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਾਰਡ ਨੰ: 4,11 ਅਤੇ 13 'ਚ ਪੈਂਦੀਆਂ ਕਲੋਨੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ । ਉਹਨਾਂ ਕਿਹਾ ਕਿ ਉਹ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਨ ਲਈ ਵਚਨਬੱਧ ਹਨ।
ਡਾ: ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਉਹਨਾਂ ਦੇ ਕੋਲ ਜਾ ਕੇ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਹਰ ਮੁਹੱਲੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਆਪਣੀ ਨਿਗਰਾਨੀ ਹੇਠ ਮੌਕੇ ਤੇ ਹੀ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰਡਾਂ ਵਿੱਚ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਸਮੱਸਿਆਵਾਂ ਹੱਲ ਕਰਨ ਲਈ ਮੌਜੂਦ ਰਹਿਣਗੇ । ਉਹਨਾ ਕਿਹਾ ਕਿ ਉਹਨਾਂ ਕੋਲ ਕੁੱਲ 26 ਵਾਰਡ ਹਨ , ਉਹ ਸਾਰੇ ਵਾਰਡਾਂ ਵਿੱਚ ਜਾਣਗੇ, ਇਸ ਉਪਰੰਤ ਉਹ ਵੱਖ-ਵੱਖ ਮੁਹੱਲਿਆਂ ਵਿੱਚ ਵੀ ਜਾਣਗੇ ਅਤੇ ਸਾਰੇ ਰੁਕੇ ਹੋਏ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ । ਇਸ ਤਰ੍ਹਾਂ ਇਹ ਕੜੀ ਨਿਰੰਤਰ ਚੱਲਦੀ ਰਹੇਗੀ ।
ਉਹਨਾਂ ਕਿਹਾ ਕਿ ਹਰੇਕ ਮੁਹੱਲੇ ਵਿੱਚ ਸਟਰੀਟ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ । ਹੁਣ ਹਰ ਰੋਜ ਹਰ ਮੁਹੱਲੇ ਵਿੱਚ ਸਟਰੀਟ ਲਾਈਟਾਂ ਜਗਮਗ ਹੋਣਗੀਆਂ । ਉਹਨਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਨੇ ਸੜਕਾਂ ਅਤੇ ਸੀਵਰੇਜ ਦੇ ਕੰਮ ਸ਼ੁਰੂ ਕਰ ਕੇ ਛੱਡੇ ਹੋਏ ਸਨ , ਹੁਣ ਉਹ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਏ ਹਨ ।
ਸਿਹਤ ਮੰਤਰੀ ਨੇ ਇਸ ਮੌਕੇ ਵਾਰਡ ਨੰ: 4 ਦੇ,ਦਸ਼ਮੇਸ਼ ਨਗਰ ਬੀ,ਗੁਰਦੁਆਰਾ ਸਾਹਿਬ ਨੇੜੇ ਸਿੱਧੂ ਕਾਲੋਨੀ ਵਿਖੇ ਲੋਕਾਂ ਦੇ ਮਸਲੇ ਸੁਣ ਕੇ ਮੌਕੇ ਤੇ ਹੀ ਇਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ । ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ: ਰਜ਼ਤ ਓਬਰਾਏ,ਐਸ.ਡੀ.ਐਮ.ਮਨਜੀਤ ਕੌਰ,ਐਸ.ਐਮ.ਓ. ਡਾ:ਮੋਨਿਕਾ ਅਤੇ ਐਸ.ਐਚ.ਓ ਪ੍ਰਦੀਪ ਬਾਜਵਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ । ਜਨ ਸੁਵਿਧਾ ਕੈਂਪ ਵਿੱਚ ਸਾਰੇ ਅਫਸਰਾਂ ਦੀ ਮੌਜੂਦਗੀ ਵਿੱਚ ਸਮੱਸਿਆਵਾਂ ਦੇ ਹੱਲ ਮੌਕੇ ਤੇ ਹੀ ਕਰ ਦਿੱਤੇ ਗਏ । ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਫਸਰ ਵੀ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾ ਰਹੇ ਹਨ । ਐਸ.ਐਚ.ਓ ਪ੍ਰਦੀਪ ਬਾਜਵਾ ਵੱਲੋ ਚੋਰੀ ਹੋਇਆ ਮੋਟਰ ਸਾਈਕਲ ਇਕ ਘੰਟੇ ਵਿੱਚ ਲੱਭਣ ਤੇ ਮੰਤਰੀ ਜੀ ਨੇ ਉਹਨਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ । ਸਿਹਤ ਮੰਤਰੀ ਨੇ ਵਾਰਡ ਨੰ: 11 ਗੋਬਿੰਦ ਨਗਰ ਧਰਮਸ਼ਾਲਾ ਵਿਖੇ ਅਤੇ ਵਾਰਡ ਨੰ: 13 ਐਲੀਮੈਂਟਰੀ ਸਕੂਲ ਝਿੱਲ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੀ ਸਮੱਸਿਆਵਾਂ ਦਾ ਹੱਲ ਕੀਤਾ । ਉਹਨਾਂ ਕਿਹਾ ਕਿ ਪਾਰਕਾਂ ਵਿੱਚ ਖੁਸ਼ਬੂ ਵਾਲੇ ਬੂਟੇ ਲਗਾਉਣੇ ਚਾਹੀਦੇ ਹਨ । ਉਹਨਾਂ ਨੇ ਪਾਰਕਾਂ ਵਿੱਚ ਮੈਡੀਸਨ ਪਲਾਂਟ ਲਗਾਉਣ ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੇ ਬੂਟਿਆਂ ਦੀ ਵਰਤੋਂ ਨਾਲ ਦਵਾਈਆਂ ਦੀ ਲੋੜ ਨਹੀ ਪਵੇਗੀ। ਉਹਨਾ ਐਸ.ਐਮ.ਓ ਨੂੰ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜੁਰਗਾਂ ਦੀ ਸਿਹਤ ਦੀ ਸਮੇਂ-ਸਮੇਂ ਤੇ ਜਾਂਚ ਕਰਵਾਉਣ ਸਬੰਧੀ ਹਦਾਇਤ ਕੀਤੀ। ਉਹਨਾਂ ਐਸ.ਐਮ.ਓ ਨੂੰ ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਦਵਾਈਆਂ ਮੁਫਤ ਦੇਣ ਲਈ ਕਿਹਾ ਅਤੇ ਮੁਫਤ ਅੱਖਾਂ ਦੀ ਜਾਂਚ ਕਰਵਾਉਣ ਦੀ ਵੀ ਹਦਾਇਤ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ