ਰਾਵਲਪਿੰਡੀ, 21 ਨਵੰਬਰ (ਹਿੰ.ਸ.)। ਲਗਭਗ ਇਕ ਸਾਲ ਤੋਂ ਰਾਵਲਪਿੰਡੀ ਸੈਂਟਰਲ ਜੇਲ (ਅਦਿਆਲਾ ਜੇਲ) ਵਿਚ ਸਲਾਖਾਂ ਪਿੱਛੇ ਕੈਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖਾਨ ਨੂੰ ਪੁਲਿਸ ਅੱਜ ਇਕ ਅਦਾਲਤ ਵਿਚ ਪੇਸ਼ ਕਰੇਗੀ। ਪੁਲਿਸ ਮਾਮਲੇ ਵਿੱਚ ਅਦਾਲਤ ਤੋਂ ਸਾਬਕਾ ਪ੍ਰਧਾਨ ਮੰਤਰੀ ਦਾ ਰਿਮਾਂਡ ਮੰਗੇਗੀ। ਇਮਰਾਨ ਨੂੰ ਬੀਤੀ ਰਾਤ ਇੱਕ ਨਵੇਂ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਨ੍ਹਾਂ ਨੂੰ ਤੋਸ਼ਾਖਾਨਾ ਕੇਸ ਦੇ ਦੂਜੇ ਮਾਮਲੇ ਵਿੱਚ ਅਦਾਲਤ ਨੇ ਜ਼ਮਾਨਤ ਪ੍ਰਦਾਨ ਕੀਤੀ ਸੀ।
ਜੀਓ ਨਿਊਜ਼ ਮੁਤਾਬਕ ਪੁਲਿਸ ਅੱਜ ਉਸ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਸਥਾਪਤ ਅੱਤਵਾਦ ਵਿਰੋਧੀ ਅਦਾਲਤ ਵਿੱਚ ਪੇਸ਼ ਕਰੇਗੀ। ਪੀਟੀਆਈ ਦੇ ਸੰਸਥਾਪਕ ਇਸ ਜੇਲ੍ਹ ਵਿੱਚ ਕੈਦ ਹਨ। ਖ਼ਾਨ, ਪਾਕਿਸਤਾਨ ਦੇ ਇਤਿਹਾਸ ਵਿਚ ਇਕਲੌਤੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਬੇਭਰੋਸਗੀ ਵੋਟ ਰਾਹੀਂ ਬਾਹਰ ਕੀਤਾ ਗਿਆ ਅਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਖ਼ਿਲਾਫ਼ ਵੀ ਕਈ ਕੇਸ ਦਰਜ ਕੀਤੇ ਗਏ ਹਨ।
ਏਆਰਵਾਈ ਨਿਊਜ਼ ਚੈਨਲ ਦੇ ਅਨੁਸਾਰ, ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਨੂੰ ਨਿਊ ਟਾਊਨ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਕੇਸ ਵਿੱਚ ਅੱਗਜ਼ਨੀ, ਕਾਨੂੰਨ ਲਾਗੂ ਕਰਨ ਵਾਲਿਆਂ ਵਿਰੁੱਧ ਵਿਰੋਧ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ ਸਬੰਧਤ ਅਪਰਾਧ ਸ਼ਾਮਲ ਹਨ। ਇਸ ਮਾਮਲੇ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਅੱਤਵਾਦ ਵਿਰੋਧੀ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਫਿਲਹਾਲ ਐਸਐਸਪੀ (ਇਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਇੱਕ ਜਾਂਚ ਟੀਮ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਘਟਨਾਕ੍ਰਮ 20 ਨਵੰਬਰ ਨੂੰ ਤੋਸ਼ਾਖਾਨਾ-2 ਕੇਸ ਵਿੱਚ ਇਮਰਾਨ ਖਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵਾਪਰਿਆ ਹੈ। ਇਸਲਾਮਾਬਾਦ ਹਾਈ ਕੋਰਟ ਨੇ 10 ਲੱਖ ਰੁਪਏ ਦੇ ਦੋ ਜ਼ਮਾਨਤ ਬਾਂਡ 'ਤੇ ਇਮਰਾਨ ਖਾਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
--------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ