ਨਵੀਂ ਦਿੱਲੀ, 26 ਨਵੰਬਰ (ਹਿੰ.ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਸੰਵਿਧਾਨ ਨੂੰ ਜੀਵੰਤ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਦੱਸਦਿਆਂ ਅੱਜ ਕਿਹਾ ਕਿ ਇਸ ਦੇ ਜ਼ਰੀਏ ਅਸੀਂ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਨਾਲ ਸਬੰਧਤ ਕਈ ਅਭਿਲਾਸ਼ੀ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ।
ਰਾਸ਼ਟਰਪਤੀ ਮੁਰਮੂ ਮੰਗਲਵਾਰ ਨੂੰ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਸੰਵਿਧਾਨ ਸਭਾ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣੇ ਆਚਰਣ ਵਿੱਚ ਸੰਵਿਧਾਨਕ ਆਦਰਸ਼ਾਂ ਨੂੰ ਸ਼ਾਮਲ ਕਰਨ, ਬੁਨਿਆਦੀ ਫਰਜ਼ਾਂ ਦੀ ਪਾਲਣਾ ਕਰਨ ਅਤੇ ਸਾਲ 2047 ਤੱਕ 'ਵਿਕਸਿਤ ਭਾਰਤ' ਬਣਾਉਣ ਦੇ ਰਾਸ਼ਟਰੀ ਟੀਚੇ ਵੱਲ ਸਮਰਪਣ ਨਾਲ ਅੱਗੇ ਵਧਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਇੱਕ ਜੀਵੰਤ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ। ਸਾਡੇ ਦੂਰਦਰਸ਼ੀ ਸੰਵਿਧਾਨ ਨਿਰਮਾਤਾਵਾਂ ਨੇ ਬਦਲਦੇ ਸਮੇਂ ਦੀਆਂ ਲੋੜਾਂ ਅਨੁਸਾਰ ਨਵੇਂ ਵਿਚਾਰਾਂ ਨੂੰ ਅਪਣਾਉਣ ਦੀ ਵਿਵਸਥਾ ਕੀਤੀ ਸੀ। ਅਸੀਂ ਸੰਵਿਧਾਨ ਰਾਹੀਂ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਨਾਲ ਸਬੰਧਤ ਕਈ ਅਭਿਲਾਸ਼ੀ ਟੀਚਿਆਂ ਨੂੰ ਹਾਸਲ ਕੀਤਾ ਹੈ। ਨਵੀਂ ਸੋਚ ਨਾਲ ਅਸੀਂ ਵਿਸ਼ਵ ਭਾਈਚਾਰੇ ਵਿੱਚ ਭਾਰਤ ਨੂੰ ਨਵੀਂ ਪਛਾਣ ਦੇ ਰਹੇ ਹਾਂ। ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਨਿਰਦੇਸ਼ ਦਿੱਤਾ ਸੀ। ਅੱਜ ਸਾਡਾ ਦੇਸ਼ ਇੱਕ ਮੋਹਰੀ ਅਰਥਵਿਵਸਥਾ ਹੋਣ ਦੇ ਨਾਲ-ਨਾਲ ਇੱਕ ਵਿਸ਼ਵ ਮਿੱਤਰ ਵਜੋਂ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਲੋਕਤੰਤਰੀ ਗਣਰਾਜ ਦੀ ਮਜ਼ਬੂਤ ਨੀਂਹ ਹੈ। ਸਾਡਾ ਸੰਵਿਧਾਨ ਸਾਡੀ ਸਮੂਹਿਕ ਅਤੇ ਵਿਅਕਤੀਗਤ ਇੱਜ਼ਤ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਸਮੂਹ ਦੇਸ਼ ਵਾਸੀਆਂ ਨੇ 'ਆਜ਼ਾਦੀ ਕਾ ਅੰਮ੍ਰਿਤ ਉਤਸਵ' ਮਨਾਇਆ। ਅਗਲੇ ਸਾਲ 26 ਜਨਵਰੀ ਨੂੰ ਅਸੀਂ ਆਪਣੇ ਗਣਤੰਤਰ ਦੀ 75ਵੀਂ ਵਰ੍ਹੇਗੰਢ ਮਨਾਵਾਂਗੇ।
ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਨਾਲ ਭਾਰਤ ਦਾ ਸੰਵਿਧਾਨ ਕੁਝ ਮਹਾਨ ਵਿਅਕਤੀਆਂ ਵੱਲੋਂ ਲਗਭਗ ਤਿੰਨ ਸਾਲਾਂ ਦੇ ਵਿਚਾਰ-ਵਟਾਂਦਰੇ ਦਾ ਨਤੀਜਾ ਸੀ ਪਰ ਸਹੀ ਅਰਥਾਂ ਵਿੱਚ ਇਹ ਸਾਡੇ ਲੰਮੇ ਆਜ਼ਾਦੀ ਸੰਘਰਸ਼ ਦਾ ਨਤੀਜਾ ਸੀ। ਉਸ ਬੇਮਿਸਾਲ ਕੌਮੀ ਅੰਦੋਲਨ ਦੇ ਆਦਰਸ਼ਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਆਦਰਸ਼ਾਂ ਨੂੰ ਸੰਖੇਪ ਰੂਪ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਹਨ। ਇਨ੍ਹਾਂ ਆਦਰਸ਼ਾਂ ਨੇ ਸਦੀਆਂ ਤੋਂ ਭਾਰਤ ਨੂੰ ਪਰਿਭਾਸ਼ਿਤ ਕੀਤਾ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਸਾਏ ਆਦਰਸ਼ ਇੱਕ ਦੂਜੇ ਦੇ ਪੂਰਕ ਹਨ। ਉਹ ਇਕੱਠੇ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦੇ ਹਨ ਜਿਸ ਵਿੱਚ ਹਰੇਕ ਨਾਗਰਿਕ ਨੂੰ ਵਧਣ-ਫੁੱਲਣ, ਸਮਾਜ ਵਿੱਚ ਯੋਗਦਾਨ ਪਾਉਣ ਅਤੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨਕ ਆਦਰਸ਼ਾਂ ਨੂੰ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਦੇ ਨਾਲ-ਨਾਲ ਸਾਰੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਮਜ਼ਬੂਤੀ ਮਿਲਦੀ ਹੈ। ਸਾਡੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਦੇ ਬੁਨਿਆਦੀ ਕਰਤੱਵਾਂ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ, ਸਮਾਜ ਵਿੱਚ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ, ਔਰਤਾਂ ਲਈ ਸਨਮਾਨ ਨੂੰ ਯਕੀਨੀ ਬਣਾਉਣਾ, ਵਾਤਾਵਰਣ ਦੀ ਰੱਖਿਆ ਕਰਨਾ, ਵਿਗਿਆਨਕ ਸੁਭਾਅ ਦਾ ਵਿਕਾਸ ਕਰਨਾ, ਜਨਤਕ ਸੰਪਤੀ ਦੀ ਰੱਖਿਆ ਕਰਨਾ ਅਤੇ ਰਾਸ਼ਟਰ ਨੂੰ ਪ੍ਰਾਪਤੀ ਦੇ ਨਵੇਂ ਪੱਧਰਾਂ 'ਤੇ ਲਿਜਾਣਾ ਨਾਗਰਿਕਾਂ ਦੇ ਬੁਨਿਆਦੀ ਫਰਜ਼ਾਂ ਵਿੱਚ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਭਾਵਨਾ ਅਨੁਸਾਰ ਕਾਰਜਪਾਲਿਕਾ, ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਕਈ ਕਾਨੂੰਨਾਂ ਰਾਹੀਂ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਹਨ। ਅਜਿਹੇ ਫੈਸਲਿਆਂ ਨੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸਦੀ ਦੇ ਲਗਭਗ ਤਿੰਨ ਚੌਥਾਈ ਦੇ ਸੰਵਿਧਾਨਕ ਸਫ਼ਰ ਵਿੱਚ ਰਾਸ਼ਟਰ ਨੇ ਉਨ੍ਹਾਂ ਸਮਰੱਥਾਵਾਂ ਨੂੰ ਗ੍ਰਹਿਣ ਕਰਨ ਅਤੇ ਸਾਰਥਕ ਪਰੰਪਰਾਵਾਂ ਨੂੰ ਵਿਕਸਤ ਕਰਨ ਵਿੱਚ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੋ ਸਬਕ ਅਸੀਂ ਸਿੱਖਿਆ ਹੈ, ਉਨ੍ਹਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2015 ਤੋਂ ਹਰ ਸਾਲ ‘ਸੰਵਿਧਾਨ ਦਿਵਸ’ ਮਨਾਉਣ ਨਾਲ ਸਾਡੇ ਨੌਜਵਾਨਾਂ ਵਿੱਚ ਦੇਸ਼ ਦੇ ਮੂਲ ਦਸਤਾਵੇਜ਼ ਅਰਥਾਤ ਸੰਵਿਧਾਨ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਮਿਲੀ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ