ਕਨੌਜ, 27 ਨਵੰਬਰ (ਹਿੰ.ਸ.)। ਅੱਜ ਇੱਕ ਸੜਕ ਹਾਦਸੇ ਵਿੱਚ ਸੈਫਈ ਮੈਡੀਕਲ ਕਾਲਜ ਦੇ 5 ਡਾਕਟਰਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਤੜਕੇ 3.30 ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ 'ਤੇ ਵਾਪਰਿਆ। ਤੇਜ਼ ਰਫ਼ਤਾਰ ਸਕਾਰਪੀਓ ਡਿਵਾਈਡਰ ਤੋੜ ਕੇ ਦੂਜੀ ਲੇਨ ਵਿੱਚ ਆ ਗਈ। ਫਿਰ ਟਰੱਕ ਨੇ ਸਕਾਰਪੀਓ ਨੂੰ ਕੁਚਲ ਦਿੱਤਾ। ਟਰੱਕ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਕਈ ਮੀਟਰ ਤੱਕ ਘਿਸੜਦੀ ਚਲੀ ਗਈ।
ਸਕਾਰਪੀਓ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲੇ ਸਾਰੇ ਡਾਕਟਰ ਸੈਫਈ ਮੈਡੀਕਲ ਕਾਲਜ ਤੋਂ ਪੀ.ਜੀ. ਕਰ ਰਹੇ ਸਨ। ਉਹ ਮੰਗਲਵਾਰ ਨੂੰ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਲਖਨਊ ਆਏ ਸੀ। ਵਾਪਸੀ ਦੌਰਾਨ ਹਾਦਸਾ ਵਾਪਰ ਗਿਆ।
ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਹਾਦਸਾ ਡਰਾਈਵਰ ਦੀ ਨੀਂਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਸਕਾਰਪੀਓ ਗੱਡੀ ਨੇ ਪਹਿਲਾਂ ਡਿਵਾਈਡਰ ਤੋੜਿਆ ਅਤੇ ਫਿਰ ਪਲਟੀ ਖਾ ਕੇ ਦੂਜੀ ਲੇਨ 'ਤੇ ਪਹੁੰਚ ਗਈ। ਉਸ ਲੇਨ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਆ ਰਿਹਾ ਸੀ। ਗੱਡੀ ਫਿਰ ਟਰੱਕ ਦੀ ਲਪੇਟ ਵਿੱਚ ਆ ਗਈ। ਹਾਦਸੇ ਦੀ ਸੂਚਨਾ ਸਵੇਰੇ 3:43 ਵਜੇ ਕੰਟਰੋਲ ਰੂਮ ਨੰਬਰ 'ਤੇ ਮਿਲੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਬੁਰੀ ਤਰ੍ਹਾਂ ਨਾਲ ਕੁਚਲ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਗੱਡੀ ਨੂੰ ਕੱਟ ਕੇ ਸਾਰੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੈਡੀਕਲ ਕਾਲਜ ਦਾ ਸਟਾਫ ਮੌਕੇ 'ਤੇ ਪਹੁੰਚ ਗਿਆ।
ਹਾਦਸੇ ਵਿੱਚ 5 ਡਾਕਟਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਹੋ ਗਈ ਹੈ। ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾਂ ਵਿੱਚ ਅਨਿਰੁਧ ਵਰਮਾ (29) ਪੁੱਤਰ ਪਵਨ ਕੁਮਾਰ ਵਰਮਾ ਵਾਸੀ ਏ5 ਰਾਧਾ ਵਿਹਾਰ ਐਕਸਟੈਂਸ਼ਨ ਕਮਲਾ ਨਗਰ ਆਗਰਾ, ਸੰਤੋਸ਼ ਕੁਮਾਰ ਮੌਰੀਆ ਪੁੱਤਰ ਜੀਤ ਨਰਾਇਣ ਵਾਸੀ ਰਾਜਪੁਰਾ ਭਾਗ 3 ਭਦੋਹੀ ਸੰਤ ਰਵਿਦਾਸ ਨਗਰ, ਅਰੁਣ ਕੁਮਾਰ ਪੁੱਤਰ ਅੰਗਦ ਲਾਲ ਵਾਸੀ ਤੇਰਾਮਾਲੂ ਮੋਚੀਪੁਰ, ਕਨੌਜ ਅਤੇ ਨਰਦੇਵ ਪੁੱਤਰ ਲਖਨ ਗੰਗਵਾਰ ਵਾਸੀ ਨਵਾਬਗੰਜ ਬਰੇਲੀ ਅਤੇ ਇੱਕ ਅਣਪਛਾਤਾ ਸ਼ਾਮਲ ਹੈ।
ਪੁਲਿਸ ਨੇ ਦੱਸਿਆ ਕਿ ਸਕਾਰਪੀਓ ਸਵਾਰ ਨੌਜਵਾਨ ਜੈਵੀਰ ਸਿੰਘ ਪੁੱਤਰ ਕਰਨ ਸਿੰਘ ਵਾਸੀ ਬੁੱਧ ਵਿਹਾਰ ਮੁਰਾਦਾਬਾਦ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ