ਨਾਗਪੁਰ, 4 ਦਸੰਬਰ (ਹਿੰ.ਸ.)। ਮਹਾਰਾਸ਼ਟਰ ਦੇ ਨਾਗਪੁਰ, ਗੜ੍ਹਚਿਰੌਲੀ ਅਤੇ ਚੰਦਰਪੁਰ ਅਤੇ ਤੇਲੰਗਾਨਾ ਦੇ ਮੁਲੁਗੂ ਜ਼ਿਲੇ 'ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.3 ਮਾਪੀ ਗਈ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ।ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 7:27 ਵਜੇ 5.3 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦਾ ਕੇਂਦਰ ਮੁਲੁਗੂ ਇਲਾਕੇ 'ਚ ਜ਼ਮੀਨ ਤੋਂ 40 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਗੁਆਂਢੀ ਮਹਾਰਾਸ਼ਟਰ ਦੇ ਨਾਗਪੁਰ, ਗੜ੍ਹਚਿਰੌਲੀ ਅਤੇ ਚੰਦਰਪੁਰ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਗੜ੍ਹਚਿਰੌਲੀ ਵਿੱਚ ਸਵੇਰੇ 7:29 ਵਜੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਘਰਾਂ ਦੇ ਟੀ.ਵੀ., ਫਰਿੱਜ ਅਤੇ ਹੋਰ ਸਾਮਾਨ ਹਿੱਲ ਗਿਆ ਅਤੇ ਖਿੜਕੀਆਂ ਵੀ ਖੜਕਣ ਲੱਗੀਆਂ। ਗੜ੍ਹਚਿਰੌਲੀ ਦੇ ਨਾਲ-ਨਾਲ ਜ਼ਿਲ੍ਹੇ ਦੇ ਅਹੇਰੀ, ਅਲਾਪੱਲੀ, ਨਾਗੇਪੱਲੀ, ਸਿਰੋਚਾ ਤਹਿਸੀਲਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਚੰਦਰਪੁਰ ਜ਼ਿਲ੍ਹੇ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਨਾਗਪੁਰ ਜ਼ਿਲੇ ਦੇ ਵੱਖ-ਵੱਖ ਖੇਤਰਾਂ ਜਿਵੇਂ ਬੇਸਾ, ਹੁਡਕੇਸ਼ਵਰ, ਮਨੀਸ਼ ਨਗਰ, ਹਨੂੰਮਾਨ ਨਗਰ, ਕਾਟੋਲ ਰੋਡ, ਗੋਧਨੀ, ਪਾਇਨੀਅਰ ਕਾਲੋਨੀ 'ਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ